45 ਸਾਲ ਤੋਂ ਉੱਪਰ ਦੀ ਉਮਰ ਵਾਲੇ ਸਾਰੇ ਵਿਅਕਤੀ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ-ਡਿਪਟੀ ਕਮਿਸ਼ਨਰ

ਤਰਨ ਤਾਰਨ, 17 ਅਪ੍ਰੈਲ :
ਕਰੋਨਾ ਦੇ ਵੱਧਦੇ ਪ੍ਰਸਾਰ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਸਾਰੇ ਵਿਅਕਤੀ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਕਿਸੇ ਵੀ ਵਿਅਕਤੀ ਨੂੰ ਬੁਖ਼ਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ਼, ਸਰਦੀ, ਜ਼ੁਕਾਮ, ਗਲੇ ਵਿੱਚ ਖਰਾਸ਼, ਸਵਾਦ ਅਤੇ ਸੁੰਘਣ ਸ਼ਕਤੀ ਦਾ ਘੱਟਣਾ ਅਤੇ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਤਾਂ ਉਹ ਆਪਣੇ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਕੋਰੋਨਾ ਟੈੱਸਟ ਜ਼ਰੂਰ ਕਰਵਾਏ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗਣ ਨਾਲ ਅਸੀਂ ਆਪ, ਆਪਣੇ ਪਰਿਵਾਰ ਅਤੇ ਸਮਾਜ ਨੂੰ ਕੋਵਿਡ-19 ਦੀ ਬਿਮਾਰੀ ਨੂੰ ਵੱਧਣ ਤੋਂ ਬਚਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਟੀਕਾਕਰਨ ਕਰਨ ਦੇ ਨਾਲ-ਨਾਲ ਮੂੰਹ `ਤੇ ਸਹੀ ਤਰੀਕੇ ਨਾਲ ਮਾਸਕ ਲਾਜ਼ਮੀ ਪਾਇਆ ਜਾਵੇ, ਸਮੇਂ ਸਮੇਂ ਤੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਤਾ ਜਾਵੇ, ਘੱਟ ਤੋਂ ਘੱਟ 6 ਫੁੱਟ ਦੀ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ 4509 ਵਿਅਕਤੀ ਕਰੋਨਾ ਪਾਜੀਟਿਵ ਆਏ ਹਨ, ਜਿਸ ਵਿਚੋਂ 3694 ਜਣੇ ਕਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿਥੇ ਅੱਜ 82 ਜਣੇ ਪਾਜੀਟਿਵ ਆਏ ਹਨ, ਉੱਥੇ 49 ਜਣਿਆਂ ਨੇ ਕਰੋਨਾ ਹਰਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ।ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ 635 ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 180 ਜਣਿਆਂ ਦੀ ਮੌਤ ਹੋ ਚੁੱਕੀ ਹੈ।