ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦੌਰਾਨ 8 ਉਮੀਦਵਾਰਾਂ ਦੀ ਕੀਤੀ ਗਈ ਚੋਣ

ਰੂਪਨਗਰ, 05 ਅਗਸਤ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾਂਦਾ ਹੈ।
 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਅੱਜ ਰੋਜ਼ਗਾਰ ਕੈਂਪ ਵਿੱਚ ਐਡਲਵੈੱਸ ਦੀ ਫਾਇਨੈਨਸ਼ੀਅਲ ਸਰਵਿਸ ਦੇ ਨਿਯੋਜਕਾਂ ਵੱਲੋਂ ਰਿਲੇਸ਼ਨਸ਼ਿਪ ਵੈਲਥ ਮੈਨੇਜਰ ਦੀਆਂ ਅਸਾਮੀਆਂ ਲਈ ਬੇਰੋਜ਼ਗਾਰ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।  ਇਸ ਕੈਂਪ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰਾਂ ਦੀ ਉਮਰ ਸੀਮਾ ਘੱਟੋ ਘੱਟ 28 ਸਾਲ ਹੋਣੀ ਲਾਜ਼ਮੀ ਰੱਖੀ ਗਈ ਸੀ ਜਦਕਿ ਚੁਣੇ ਗਏ ਉਮੀਦਵਾਰਾਂ ਦੀ ਸਲਾਨਾ ਆਮਦਨ ਲਗਭਗ 4.25 ਲੱਖ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਪਾਸ ਰੱਖੀ ਗਈ ਸੀ। ਇਸ ਕੈਂਪ ਵਿੱਚ 16 ਉਮੀਦਵਾਰਾਂ ਵੱਲੋਂ ਹਿੱਸਾ ਲਿਆ ਗਿਆ ਅਤੇ 8 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਇਸ ਮੌਕੇ ਪਲੇਸਮੈਂਟ ਅਫ਼ਸਰ ਸ਼੍ਰੀਮਤੀ ਮੀਨਾਕਸ਼ੀ ਬੇਦੀ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦੇ ਦੱਸਿਆ ਕਿ ਜ਼ਿਲ੍ਹਾ ਬਿਊਰੋ ਵਿਖੇ ਹਰ ਹਫਤੇ 2 ਪਲੇਸਮੈਂਟ ਕੈਂਪ ਆਯੋਜਿਤ ਕੀਤੇ ਜਾਂਦੇ ਹਨ। ਇਹਨਾਂ ਕੈਂਪਾਂ ਵਿੱਚ ਨੌਜਵਾਨ ਆਪਣੀ ਯੋਗਤਾ ਦੇ ਅਨੁਸਾਰ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪਾਂ ਵਿੱਚ ਹਿੱਸਾ ਲੈ ਕੇ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ।
ਸ਼੍ਰੀਮਤੀ ਮੀਨਾਕਸ਼ੀ ਬੇਦੀ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਅਸਾਮੀਆਂ ਸਬੰਧੀ ਜਾਣਕਾਰੀ ਐਨ.ਸੀ.ਐਸ ਪੋਰਟਲ ਤੇ ਅਪਲੋਡ ਕੀਤੀ ਜਾਂਦੀ ਹੈ ਤਾਂ ਜੋ ਉਮੀਦਵਾਰ ਸਮੇਂ ਸਿਰ ਆਪਣੀ ਯੋਗਤਾ ਦੇ ਅਨੁਸਾਰ ਇਨ੍ਹਾਂ ਕੈਂਪਾਂ ਵਿੱਚ ਹਿੱਸਾ ਲੈ ਸਕਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਨੌਜਵਾਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕਰ ਸਕਦੇ ਹਨ।