ਬੇਰੋਜ਼ਗਾਰ ਨੌਜਵਾਨ ਪਲੇਸਮੈਂਟ ਕੈਂਪਾਂ ਵਿੱਚ ਹਿੱਸਾ ਲੈ ਕੇ ਕਰ ਸਕਦੇ ਹਨ ਰੋਜ਼ਗਾਰ ਪ੍ਰਾਪਤ
ਰੂਪਨਗਰ, 18 ਨਵੰਬਰ :- ਜ਼ਿਲ੍ਹਾ ਰੂਪਨਗਰ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਹਰੇਕ ਹਫਤੇ 2 ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਸਵਰਾਜ ਇੰਜਣ ਲਿਮੀਟਡ, ਮੋਹਾਲੀ ਅਤੇ ਮੋਰਫੈੱਨ ਫਾਰਮਾ, ਬੱਦੀ ਦੇ ਨਿਯੋਜਕਾਂ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਜਿਸ ਵਿੱਚ ਟਰੇਨੀ ਅਤੇ ਅਪ੍ਰੇਟਿਸ ਦੀਆਂ ਅਸਾਮੀਆਂ ਲਈ ਡਿਪਲੋਮਾ (ਸਾਰੀਆਂ ਟਰੇਡਾਂ) ਅਤੇ ਬੀ.ਐਸ.ਸੀ ਕਮਿਸਟਰੀ ਪਾਸ ਬੇਰੋਜ਼ਗਾਰ ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ।
ਰੋਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ 18 ਉਮੀਦਵਾਰਾਂ ਵੱਲੋਂ ਹਿੱਸਾ ਲਿਆ ਗਿਆ, ਜਿਨ੍ਹਾਂ ਵਿੱਚੋਂ 8 ਉਮੀਦਵਾਰਾਂ ਦੀ ਮੌਕੇ ਤੇ ਹੀ ਚੋਣ ਕੀਤੀ ਗਈ ਅਤੇ 7 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 25 ਸਾਲ ਹੋਣੀ ਲਾਜ਼ਮੀ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਦੀ ਮਹੀਨਾਵਾਰ ਤਨਖਾਹ 9000-13000 ਹੋਵੇਗੀ।
ਪਲੇਸਮੈਂਟ ਅਫ਼ਸਰ ਸ਼੍ਰੀਮਤੀ ਮੀਨਾਕਸ਼ੀ ਬੇਦੀ ਵੱਲੋਂ ਇਸ ਕੈਂਪ ਵਿੱਚ ਸ਼ਾਮਿਲ ਹੋਏ ਉਮੀਦਵਾਰਾਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਣ ਵਾਲੀਆਂ ਅਸਾਮੀਆਂ ਬਾਰੇ ਉਮੀਦਵਾਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਅਪਲਾਈ ਕਰਨ ਸਬੰਧੀ ਵਿਧੀ ਬਾਰੇ ਵੀ ਦੱਸਿਆ ਗਿਆ।
ਰੋਜ਼ਗਾਰ ਅਫ਼ਸਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਯੋਗਤਾ ਦੇ ਅਨੁਸਾਰ ਲਗਾਏ ਜਾਣ ਵਾਲੇ ਇਹਨਾਂ ਪਲੇਸਮੈਂਟ ਕੈਂਪਾਂ ਵਿੱਚ ਹਿੱਸਾ ਲੈ ਕੇ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕਰ ਸਕਦੇ ਹਨ।

English




