ਕੋਰੋਨਾ ਤੋਂ ਠੀਕ ਹੋਏ ਯੂਥ ਅਕਾਲੀ ਦਲ ਦੇ ਆਗੂ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ ਦਾ ਹਿੱਸਾ ਬਣਨਗੇ : ਪਰਮਬੰਸ ਸਿੰਘ ਰੋਮਾਣਾ

YAD President Parambans Singh Romana

ਯੂਥ ਅਕਾਲੀ ਦਲ ਨੇ ਸਿਹਤ ਮੰਤਰੀ ਦੀ ਬਰਖ਼ਾਸਤਗੀ ਮੰਗੀ ਤੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਸੂਬਾਈ ਸਿਹਤ ਸਲਾਹਕਾਰ ਵੱਲੋਂ ਕੋਰੋਨਾ ਸੰਕਟ ਨਾਲ ਨਜਿੱਠਣ ਦੀ ਝਾੜ ਝੰਬ ਕੀਤੇ ਜਾਣ ਮਗਰੋਂ ਪਿੱਛੇ ਲੁਕੇ ਰਹਿਣ ਦੀ ਥਾਂ ਸਾਹਮਣੇ ਆਉਣ

ਚੰਡੀਗੜ•, 5 ਸਤੰਬਰ : ਯੂਥ ਅਕਾਲੀ ਦਲ ਨੇ ਅੱਜ ਕਿਹਾ ਕਿ ਇਸਦੇ ਆਪਣੇ ਹੀ ਸਿਹਤ ਸਲਾਹਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਵਿਚ ਕਾਂਗਰਸ ਸਰਕਾਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਤੇ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੁਕਣ ਦੀ ਥਾਂ ਸਾਹਮਣੇ ਆਉਣ ਅਤੇ ਸਰਕਾਰੀ ਸਿਹਤ ਸੇਵਾਵਾਂ ਵਿਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਤੁਰੰਤ ਦਰੁਸਤੀ ਭਰੇ ਕਦਮ ਚੁੱਕਣ ਵਾਸਤੇ ਆਖਿਆ।

ਇਥੇ ਇਕ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਇਕ ਪ੍ਰੋਗਰਾਮ ਦੀ ਸ਼ੁਰੂਆਤ ਕਰੇਗੀ ਜਿਸ ਤਹਿਤ ਕੋਰੋਨਾ ਤੋਂ ਠੀਕ ਹੋ ਚੁੱਕੇ ਯੂਥ ਅਕਾਲੀ ਆਗੂਆਂ ਨੂੰ ਪਲਾਜ਼ਮਾ ਦਾਨ ਕਰਨ ਵਾਸਤੇ ਪ੍ਰੇਰਿਆ ਜਾਵੇਗਾ ਤਾਂ ਕਿ ਮਹਾਮਾਰੀ ਦੇ ਪੀੜਤਾਂ ਦੀ ਮਦਦ ਹੋ ਸਕੇ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਛੇਤੀ ਹੀ ਇਕ ਹੈਲਪਲਾਈ ਨੰਬਰ ਵੀ ਜਾਰੀ ਕਰੇਗਾ ਜਿਸ ‘ਤੇ ਕੋਰੋਨਾ ਦੇ ਗੰਭੀਰ ਪੀੜਤਾਂ ਦੀ ਮਦਦ ਵਾਸਤੇ ਕਾਲ ਕੀਤੀ ਜਾ ਸਕੇਗੀ। ਉਹਨਾਂ ਹਿਕਾ ਕਿ ਅਸੀਂ ਯੂਥ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਤੇ ਹੋਰਨਾਂ ਜੋ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਪਲਾਜ਼ਮਾ ਦਾਨ ਦੇਣ ਲਈ ਤਿਆਰ ਹਨ ਦੀ ਸੂਚੀ ਤਿਆਰ ਕਰ ਰਹੇ ਹਾਂ ਤਾਂ ਜੋ ਮਨੁੱਖਤਾ ਦੀ ਇਹ ਸੇਵਾ ਕੀਤੀ ਜਾ ਸਕੇ।

ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸੂਬੇ ਵਿਚ ਇਕ ਤਾਂ ਮੌਤ ਦਰ ਬਹੁਤ ਜ਼ਿਆਦਾ ਹੈ ਦੂਜਾ ਕਾਂਗਰਸੀ ਸਰਕਾਰ ਸਿਹਤ ਸੇਵਾਵਾਂ ਨੂੰ ਅਪਗਰੇਡ ਕਰਨ ਤੇ ਇਹਨਾਂ ਨੂੰ ਬਣਾਈ ਰੱਖਣ ਵਿਚ ਫੇਲ• ਹੋ ਗਈ ਹੈ ਜਿਸ ਲਈ ਸਿਹਤ ਮੰਤਰੀ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਸਿਹਤ ਸਲਾਹਕਾਰ ਡਾ. ਕੇ ਕੇ ਤਲਵਾੜ ਨੇ ਜੋ ਰਿਪੋਰਟ ਸੌਂਪੀ ਹੈ, ਉਸ ਵਿਚ ਸੂਬਾ ਸਰਕਾਰ ਨੂੰ ਕੰਟੇਨਮੈਂਟ ਜ਼ੋਨਾਂ ਦਾ ਸਹੀ ਪ੍ਰਬੰਧਨ ਨਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਜਦਕਿ ਇਹ ਕੰਮ ਸੂਬੇ ਦੀ ਪੁਲਿਸ ਦਾ ਹੁੰਦਾ ਹੈ ਜੋ ਸਿੱਧਾ ਮੁੱਖ ਮੰਤਰੀ ਨੂੰ ਰਿਪੋਰਟ ਕਰਦੀ ਹੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਮਾਹਿਰ ਨੇ ਸਪਸ਼ਟ ਕੀਤਾ ਹੈ ਕਿ ਆਮ ਜਨਤਾ ਦਾ ਸਰਕਾਰੀ ਹਸਪਤਾਲਾਂ ਤੋਂ ਇਲਾਜ ਕਰਵਾਉਣ ਵਿਚ ਵਿਸ਼ਵਾਸ ਘੱਟ ਹੈ ਤੇ ਉਹਨਾਂ ਨੇ ਕੋਰੋਨਾ ਦਾ ਪਸਾਰ ਰੋਕਣ ਲਈ ਜੁਲਾਈ ਵਿਚ ਸੰਪਰਕ ਵਿਚ ਆਏ ਲੋਕਾਂ ਦੀ ਸਹੀ ਪਛਾਣ ਨਾ ਕਰਨ ਲਈ ਵੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।

ਸ੍ਰੀ ਰੋਮਾਣਾ ਨੇ ਮੁੱਖ ਮੰਤਰੀ ਨੁੰ ਪੁੱਛਿਆ ਕਿ ਉਹ ਕਿਸ ਗੱਲ ਦੀ ਉਡੀਕ ਕਰ ਰਹੇ ਹਨ ਤੇ ਇਹ ਮੁਸ਼ਕਿਲ ਮਨੁੱਖ ਵੱਲੋਂ ਸਹੇੜੀ ਤ੍ਰਾਸਦੀ ਬਣਨ ਤੋਂ ਪਹਿਲਾਂ ਲੋੜੀਂਦੇ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ ? ਉਹਨਾਂ ਕਿਹਾ ਕਿ ਪੰਜਾਬ ਵਿਚ ਮੌਤ ਦੀ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ। ਉਹਨਾਂ ਕਿਹਾ ਕਿ ਜਦੋਂ ਗੁਆਂਢੀ ਰਾਜ ਹਰਿਆਣਾ ਵਰਗਿਆਂ ਨਾਲ ਅਸੀਂ ਤੁਲਨਾ ਕਰਦੇ ਹਾਂ ਤਾਂ ਵੇਖਦੇ ਹਾਂ ਕਿ ਪੰਜਾਬ ਵਿਚ ਮੌਤ ਦੀ ਦਰ 60 ਹਜ਼ਾਰ ਕੇਸਾਂ ਲਈ 1739 ਹੈ ਜਦਕਿ ਹਰਿਆਣਾ ਵਿਚ 71000 ਕੇਸਾਂ ਪਿੱਛੇ 769 ਮੌਤਾਂ ਹੋਈਆਂ ਹਨ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਮੌਤ ਦੀ ਦਰ ਰੋਜ਼ਾਨਾ ਆਧਾਰ ‘ਤੇ ਵੀ ਵੱਧ ਰਹੀ ਹੈ ਤੇ ਕੁਝ ਦਿਨ ਪਹਿਲਾਂ ਇਕੋ ਦਿਨ ਵਿਚ 106 ਮੌਤਾਂ ਹੋਈਆਂ ਹਨ।

ਸ੍ਰੀ ਰੋਮਾਣਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਸੂਬੇ ਕੋਲ ਪਏ ਫੰਡਾਂ ਦੀ ਵਰਤੋਂ ਕਰਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਹਾਲੇ ਤੱਕ ਡਿਜ਼ਾਸਟਰ ਮੈਨੇਜਮੇਂਟ ਫੰਡ ਵਿਚ ਪਏ 6500 ਕਰੋੜ ਰੁਪਏ ਅਤੇ ਮੁੱਖ ਮੰਤਰੀ ਰਾਹਤ ਫੰਡ ਵਿਚ ਪਏ 60 ਕਰੋੜ ਰੁਪਏ ਦੀ ਵਰਤੋਂ ਨਹੀਂ ਕੀਤੀ। ਉਹਨਾਂ ਕਿਹਾ ਕਿ ਹੁਣ ਤੱਕ ਜੋ ਵੀ ਪੈਸਾ ਖਰਚਿਆ ਗਿਆ ਹੈ ਉਹ ਕਾਂਗਰਸ ਸਰਕਾਰ ਦੇ ਮਿਸ਼ਨ ਫਤਿਹ ਪ੍ਰੋਗਰਾਮਾਂ ਲਈ ਹਊਆ ਖੜ•ਾ ਕਰਨ ਵਾਸਤੇ ਖਰਚਿਆ ਗਿਆ ਹੈ ਤੇ ਇਹ ਮਿਸ਼ਨ ਹੁਣ ਮਿਸ਼ਨ ਸਿਕਸ਼ਤ ਵਿਚ ਬਦਲ ਗਿਆ ਹੈ ਤੇ ਫਲਾਪ ਹੋ ਗਿਆ ਹੈ।

ਸੂਬੇ ਦੇ ਸਾਰੇ ਨਾਜ਼ੁਕ ਸੰਭਾਲ ਕੇਂਦਰਾਂ ਦੀ ਹਾਲਤ ਵਿਚ ਤੁਰੰਤ ਸੁਧਾਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਕੇਂਦਰ ਸਹੀ ਤਰੀਕੇ ਨਾ ਆਈ ਸੀ ਯੂ ਵਰਗੀਆਂ ਢੁਕਵੀਂਆਂ ਸੰਭਾਲ ਸਹੂਲਤਾਂ ਨਾਲ ਲੈਸ ਨਹੀਂ ਹਨ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਦੇ ਕਾਰਨ ਹੀ ਪਿਛਲੇ ਮਹੀਨੇ ਪਟਿਆਲਾ ਮੈਡੀਕਲ ਕਾਲਜ ਵਿਚ ਆਕਸੀਜ਼ਨ ਸਪਲਾਈ ਦੀ ਘਾਟ ਆ ਗਈ ਸੀ। ਉਹਨਾਂ ਕਿਹਾ ਕਿ ਫਰੀਦਕੋਟ ਵਿਚ ਮੈਡੀਕਲ ਕਾਲਜ ਵਿਚ ਹਾਲਤ ਹੋਰ ਵੀ ਮਾੜੀ ਹੈ। ਉਹਨਾਂ ਕਿਹਾ ਕਿ 60 ਡਾਕਟਰ ਪਾਜ਼ੀਟਿਵ ਆ ਗਏ ਹਨ ਕਿਉਂਕਿ ਉਹਨਾਂ ਕੋਲ ਬਚਾਅ ਲਈ ਲੋੜੀਂਦਾ ਸਮਾਨ ਨਹੀਂ ਹੈ। ਉਹਨਾਂ ਕਿਹਾ ਕਿ ਕਾਲਜ ਦੇ ਮੈਡੀਕਲ ਸੁਪਰਡੈਂਟ ਨੇ ਵੀ ਪਿਛਲੇ ਸਮੇਂ ਦੌਰਾਨ ਸਹੂਲਤਾਂ ਦੀ ਘਾਟ ਹੋਣ ਕਾਰਨ ਅਸਤੀਫਾ ਦੇ ਦਿੱਤਾ ਅਤੇ ਬਾਬਾ ਫਰੀਦਕ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ਼ਿਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵੀ ਪਾਜ਼ੀਟਿਵ ਆਉਣ ਮਗਰੋਂ ਇਲਾਜ ਲਈ ਚੰਡੀਗੜ• ਆਉਣ ਲਈ ਮਜਬੂਰ ਹੋਏ। ਉਹਨਾਂ ਕਿਹਾ ਕਿ ਸਾਰੇ ਨਾਜ਼ੁਕ ਸੰਭਾਲ ਕੇਂਦਰਾਂ ਤੇ ਕੋਰੋਨਾ ਕੇਂਦਰਾਂ ਤੇ ਆਈਸੋਲੇਸ਼ਨ ਵਾਰਡਾਂ ਨੂੰ ਅਪਗਰੇਡ ਕਰਨ ਤੇ ਇਹਨਾਂ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ।

ਸ੍ਰੀ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਫਾਰਮ ਹਾਊਸ ਵਿਚੋਂ ਬਾਹਰ ਆਉਣਾ ਚਾਹੀਦਾ ਹੈ ਤੇ ਸਰਕਾਰੀ ਸਿਹਤ ਸੇਵਾਵਾਂ ਵਿਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਲੋਕ ਪਿੰਡਾਂ ਵਿਚ ਕੋਰੋਨਾ ਮਰੀਜ਼ਾਂ ਨੂੰ ਲੈ ਕੇ ਜਾਣ ਦੀ ਆਗਿਆ ਨਹੀਂ ਦੇ ਰਹੇ। ਉਹਨਾਂ ਕਿਹ ਕਿ ਇਹ ਢੁਕਵਾਂ ਸਮਾਂ ਹੈ ਕਿ ਮੁੱਖ ਮੰਤਰੀ ਸਿਆਸੀ ਇੱਛਾ ਸ਼ਕਤੀ ਵਿਖਾਉਣ ਤੇ ਸੂਬੇ ਦੀ ਅਗਵਾਈ ਕਰਨ।