ਸਿਵਲ ਸਰਜਨ ਵੱਲੋਂ ਰੈਬੀਜ਼ (ਹਲਕਾਅ) ਤੋਂ ਬਚਾਅ ਸਬੰਧੀ ਅਡਵਾਈਜ਼ਰੀ ਜਾਰੀ

KIRAN AHLUWALIYA
ਸਿਵਲ ਸਰਜਨ ਵੱਲੋਂ ਰੈਬੀਜ਼ (ਹਲਕਾਅ) ਤੋਂ ਬਚਾਅ ਸਬੰਧੀ ਅਡਵਾਈਜ਼ਰੀ ਜਾਰੀ

ਲੁਧਿਆਣਾ, 27 ਸਤੰਬਰ 2021

ਸਿਵਲ ਸਰਜਨ ਲੁਧਿਆਣਾ ਡਾ.ਕਿਰਨ ਆਹਲੂਵਾਲੀਆ ਵੱਲੋਂ ਰੈਬੀਜ਼ (ਹਲਕਾਅ) ਤੋਂ ਬਚਾਅ ਸਬੰਧੀ ਅਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਹ ਇੱਕ ਜਾਨਲੇਵਾ ਬਿਮਾਰੀ ਹੈ ਜੋਕਿ ਕਿਸੇ ਵੀ ਜਾਨਵਰ ਦੇ ਕੱਟਣ ਤੋਂ ਹੋ ਸਕਦੀ ਹੈ।

ਡਾ. ਆਹਲੂਵਾਲੀਆ ਨੇ ਅੱਗੇ ਵਿਸਥਾਰ ਨਾਲ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਵੀ ਜਾਨਵਰ ਜਿਵੇ ਕਿ ਕੁੱਤਾ, ਬਿੱਲੀ, ਚੂਹਾ, ਬਾਂਦਰ, ਚੰਮਗਿੱਦੜ, ਲੰਗੂਰ, ਖਰਗੋਸ਼, ਨਿਓਲਾ ਆਦਿ ਕੱਟ ਲੈਂਦਾ ਹੈ ਤਾਂ ਜਖਮ ਨੂੰ ਤੁਰੰਤ ਵਗਦੇ ਸਾਫ ਪਾਣੀ ਨਾਲ ਸਾਬਣ ਲਗਾ ਕੇ 15 ਮਿੰਟ ਲਈ ਧੋਣਾ ਚਾਹੀਦਾ ਹੈ ਅਤੇ ਜਖਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਖਮ ਨੂੰ ਕਦੇ ਵੀ ਨੰਗੇ ਹੱਥ ਨਾਂ ਲਗਾਓ ਅਤੇ ਜਖਮ ‘ਤੇ ਤੇਲ, ਮਿਰਚ, ਨਿੰਬੂ, ਪੱਤੇ ਜਾਂ ਕਿਸੇ ਹੋਰ ਤਰ੍ਹਾਂ ਦਾ ਪਦਾਰਥ ਨਾ ਲਗਾਇਆ ਜਾਵੇ ਅਤੇ ਨਾ ਹੀ ਜਖ਼ਮ ‘ਤੇ ਪੱਟੀ ਕੀਤੀ ਜਾਵੇ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਖੇਤੀਬਾੜੀ ਨੂੰ ਸਥਿਰ ਬਣਾਉਣ ਅਤੇ ਕਿਸਾਨੀ ਦੀ ਖੁਸ਼ਹਾਲੀ ਦੀ ਲੋੜ ’ਤੇ ਜੋਰ

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਮਰੀਜ ਨੂੰ ਜਲਦ ਹੀ ਨੇੜੇ ਦੇ ਸਿਹਤ ਕੇਂਦਰ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਮੁਕੰਮਲ ਟੀਕਾਕਰਨ ਕਰਵਾਇਆ ਜਾਣਾ ਚਾਹੀਦਾ ਹੈ, ਜੇਕਰ ਕਿਸੇ ਵਿਅਕਤੀ ਨੇ ਹਲਕਾਈ ਮੱਝ ਜਾਂ ਗਾਂ ਦਾ ਦੁੱਧ ਪੀਤਾ ਹੈ ਤਾਂ ਉਸਨੂੰ ਵੀ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਉਨ੍ਹਾ ਦੱਸਿਆ ਕਿ ਰੈਬੀਜ ਦਾ ਟੀਕਾਕਰਨ ਜਿਲਾ ਹਸਪਤਾਲ, ਸਬ-ਡਵੀਜਨਲ ਹਸਪਤਾਲਾਂ ਅਤੇ ਕਮਿਊਨਟੀ ਹੈਲਥ ਸੈਂਟਰਾ ਵਿਚ ਹਰ ਰੋਜ ਮੁਫ਼ਤ ਕੀਤਾ ਜਾਂਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਜਾਨਵਰਾਂ ਦੇ ਕੱਟਣ ਤੋਂ ਬਚਾਅ ਕੇ ਰੱਖਿਆ ਜਾਵੇ,  ਕਿਸੇ ਵੀ ਜਾਨਵਰ ਦੇ ਕੱਟਣ ‘ਤੇ ਬਿਲਕੁਲ ਵੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਮੁਕੰਮਲ ਟੀਕਾਕਰਨ ਕਰਵਾਇਆ ਜਾਵੇ। ਉਨ੍ਹਾ ਕਿਹਾ ਕਿ ਜਿਹੜੇ ਵਿਅਕਤੀਆਂ ਵੱਲੋਂ ਆਪਣੇ ਘਰਾਂ ਵਿਚ ਪਾਲਤੂ ਜਾਨਵਰ ਪਾਲੇ ਹੋਏ ਹਨ, ਉਨ੍ਹਾਂ ਦੀ ਮੁਕੰਮਲ ਵੈਕਸੀਨੇਸ਼ਨ ਕਰਵਾਈ ਜਾਵੇ। ਬੱਚਿਆ ਨੂੰ ਅਵਾਰਾ ਜਾਨਵਰਾਂ ਤੋਂ ਦੂਰ ਰਹਿਣ ਅਤੇ ਉਨ੍ਹਾਂ ਨਾਲ ਨਾ ਖੇਡਣ ਦੀ ਸਲਾਹ ਦਿਤੀ ਜਾਵੇ।

ਸਿਵਲ ਸਰਜਨ ਡਾ.ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਰੈਬੀਜ ਤੋਂ ਬਚਾਓ ਸਬੰਧੀ ਜਾਗਰੂਕਤਾ ਗਤੀਵਿਧੀਆ ਜਾਰੀ ਹਨ।