ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣੀ ਅਮਰਿੰਦਰ-ਅਰੂਸਾ ਦੀ ਦੋਸਤੀ-ਭਗਵੰਤ ਮਾਨ

Aap Punjab MP Bhagwant Mann

ਔਕਸੀਮੀਟਰ ਨੂੰ ਲੈ ਕੇ ਛਿੜੀ ਜੰਗ ‘ਚ ਮਾਨ, ਚੀਮਾ ਤੇ ਜਰਨੈਲ ਸਿੰਘ ਨੇ ਮੁੱਖ ਮੰਤਰੀ ‘ਤੇ ਹਮਲਾ ਬੋਲਿਆ

ਪਟਿਆਲਾ, 4 ਸਤੰਬਰ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਦੀ ਦੋਸਤੀ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਦਿਆਂ ਭਾਰਤੀ ਵਿਦੇਸ਼ ਮੰਤਰਾਲੇ ਤੋਂ ਅਰੂਸਾ ਆਲਮ ਦੇ ਭਾਰਤੀ ਵੀਜ਼ੇ ਦੇ ਸਟੇਟਸ ਬਾਰੇ ਪੁੱਛਿਆ ਹੈ।     ਭਗਵੰਤ ਮਾਨ ਇੱਥੇ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨਾਲ ਮੀਡੀਆ ਦੇ ਰੂਬਰੂ ਹੋਏ।
ਭਗਵੰਤ ਮਾਨ ਨੇ ਮੁੱਖ ਮੰਤਰੀ ‘ਤੇ ਅਰੂਸਾ ਆਲਮ ਦਾ ਨਾਮ ਲੈ ਕੇ ਪਲਟਵਾਰ ਕੀਤੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੁਕਾਬਲੇ ਪੰਜਾਬ ਸਰਕਾਰ ਨੂੰ ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ‘ਚ ਬੁਰੀ ਤਰਾਂ ਫਲਾਪ ਸਰਕਾਰ ਦੱਸਿਆ।
ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਵਿਰੁੱਧ ਜੰਗ ‘ਚ ਸਹਿਯੋਗ ਦੇਣ ਲਈ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਮੇਤ ਕੌਮੀ ਪੱਧਰ ‘ਤੇ ਆਕਸੀ-ਮਿੱਤਰ (ਔਕਸੀਮੀਟਰ) ਮੁਹਿੰਮ ਸ਼ੁਰੂ ਕੀਤੀ ਹੈ।
‘ਆਪ’ ਦਾ ਸਹਿਯੋਗ ਲੈਣ ਜਾਂ ਧੰਨਵਾਦ ਕਰਨ ਦੀ ਥਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਦੇਸ ਧ੍ਰੋਹੀ ਦੱਸਣ ਲੱਗੇ ਹਨ। ਅਮਰਿੰਦਰ ਸਿੰਘ ਦਾ ਇਹ ਰਵੱਈਆ ਅਤੇ ਵਰਤਾਰਾ ਬੇਤੁਕਾ, ਬੇਲੋੜਾ ਅਤੇ ਬੌਖਲਾਹਟ ਭਰਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ-ਪਹਿਲ ਰਾਜਾ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਦੀ ਦੋਸਤੀ ਨੂੰ ਨਿੱਜੀ ਸਮਝਦੇ ਹੋਏ ਕੁੱਝ ਵੀ ਬੋਲਣ ਤੋਂ ਗੁਰੇਜ਼ ਕੀਤਾ ਜਾਂਦਾ ਸੀ, ਪਰੰਤੂ ਇਹ ਦੋਸਤੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਗਈ ਹੈ। ਜਿਸ ਬਾਰੇ ਕੇਂਦਰੀ ਵਿਦੇਸ਼ ਅਤੇ ਗ੍ਰਹਿ ਮੰਤਰਾਲਿਆਂ ਨੂੰ ਨੋਟਿਸ ਲੈਣਾ ਚਾਹੀਦਾ ਹੈ। ਕੇਂਦਰ ਸਰਕਾਰ ਲੰਮੇ ਸਮੇਂ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਰਹਿ ਰਹੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੇ ਭਾਰਤੀ ਵੀਜ਼ੇ ਦਾ ਸਟੇਟਸ ਜਨਤਕ ਕਰੇ। ਸਪਸ਼ਟ ਕੀਤਾ ਜਾਵੇ ਕਿ ਅਰੂਸਾ ਆਲਮ ਅਤੇ ਉਸ ਦੇ ਰਿਸ਼ਤੇਦਾਰ ਕਿਹੜੇ ਵੀਜ਼ੇ ‘ਤੇ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਸਿਸਵਾਂ ਫਾਰਮ ਹਾਊਸ ‘ਤੇ ਬੇਰੋਕ-ਟੋਕ ਰਹਿ ਰਹੇ ਹਨ? ਜਦਕਿ ਅਰੂਸਾ ਆਲਮ ਫ਼ੌਜੀ ਮਾਮਲਿਆਂ ਬਾਰੇ ਮਾਹਿਰ ਪਾਕਿਸਤਾਨੀ ਪੱਤਰਕਾਰ ਹਨ। ਜਿੰਨਾ ਦੀਆਂ ਆਈਐਸਆਈ ਨਾਲ ਸੰਬੰਧਾਂ ਬਾਰੇ ਵੀ ਚਰਚਾਵਾਂ ਹਨ। ਮਾਨ ਨੇ ਕਿਹਾ, ” ਮੈਂ ਪਾਰਲੀਮੈਂਟ ‘ਚ ਵੀ ਇਹ ਸਵਾਲ ਉਠਾਵਾਂਗਾ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਕੋਲੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਜਿੰਨਾ ਦੇ ਵੱਡੇ ਵਡੇਰੇ ਅੰਗਰੇਜ਼ਾਂ ਦੇ ਪਿੱਠੂ ਰਹੇ ਹਨ।
ਭਗਵੰਤ ਮਾਨ ਨੇ ਮੁੱਖ ਮੰਤਰੀ ‘ਤੇ ਪਿਛਲੇ ਸਾਢੇ 3 ਸਾਲਾਂ ਤੋਂ ਇਕਾਂਤਵਾਸ  ‘ਚ ਰਹਿਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਫਾਰਮ ਹਾਊਸ ‘ਚੋਂ ਨਿਕਲ ਕੇ ਲੋਕਾਂ ਅਤੇ ਸਰਕਾਰੀ ਹਸਪਤਾਲਾਂ/ ਕੋਰੋਨਾ ਸਟੈਂਰਾਂ ‘ਚ ਜਾਣ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਲੋਕ ਕੋਰੋਨਾ ਜਾਂਚ ਕਰਨ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਕਿਉਂ ਸਹਿਯੋਗ ਨਹੀਂ ਦੇ ਰਹੇ?
ਮਾਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸਰਕਾਰ ਨੂੰ ਲੋਕਾਂ ‘ਚ ਸਰਕਾਰ ਅਤੇ ਸਰਕਾਰੀ ਹਸਪਤਾਲਾਂ ‘ਤੇ ਯਕੀਨ ਬਹਾਲ ਕਰਾਉਣ ਲਈ ਉਦਾਂ ਦੇ ਕਦਮ ਚੁੱਕਣੇ ਚਾਹੀਦੇ ਹਨ। ਜਿਵੇਂ ਦਿੱਲੀ ‘ਚ ਕੇਜਰੀਵਾਲ ਨੇ ਕੀਤੇ ਹਨ।
ਇਸ ਮੌਕੇ ਜਿੱਥੇ ਜਰਨੈਲ ਸਿੰਘ ਨੇ ਦਿੱਲੀ ‘ਚ ਕੋਰੋਨਾ ‘ਤੇ ਫ਼ਤਿਹ ਅਤੇ ਪੰਜਾਬ ‘ਚ ਔਕਸੀਮੀਟਰ ਮੁਹਿੰਮ ਬਾਰੇ ਜਾਣਕਾਰੀ ਦਿੱਤੀ, ਉੱਥੇ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਆੜੇ ਹੱਥੀ ਲਿਆ।