ਪਿੰਡ ਥੇਹ ਕਲੰਦਰ ਦੀ ਸਵੱਛਤਾ ਲਈ ਵੱਡੀ ਪਹਿਲਕਦਮੀ: ਵਧੀਕ ਡਿਪਟੀ ਕਮਿਸ਼ਨਰ  

ਥੇਹ ਕਲੰਦਰ
ਪਿੰਡ ਥੇਹ ਕਲੰਦਰ ਦੀ ਸਵੱਛਤਾ ਲਈ ਵੱਡੀ ਪਹਿਲਕਦਮੀ: ਵਧੀਕ ਡਿਪਟੀ ਕਮਿਸ਼ਨਰ  
ਹਰ ਪੱਖੋਂ ਪਿੰਡ ਦਾ ਕੀਤਾ ਜਾ ਰਿਹਾ ਹੈ ਵਿਕਾਸ:  ਸਰਪੰਚ ਰੁਪਿੰਦਰ ਕੌਰ

ਫ਼ਾਜ਼ਿਲਕਾ 12 ਅਕਤੂਬਰ 2021

ਵਧੀਕ ਡਿਪਟੀ ਕਮਿਸ਼ਨਰ ਵਿਕਾਸ  ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਨੂੰ ਸਵੱਛਤਾ ਤਹਿਤ ਗ੍ਰਾਂਟਾਂ ਜਾਰੀ ਕੀਤੀਆਂ  ਹਨ। ਜਿਸ ਦੇ ਤਹਿਤ  ਪਿੰਡ ਥੇਹ ਕਲੰਦਰ ਦੇ ਅਗਾਂਹਵਧੂ ਸਰਪੰਚ ਨੇ ਆਪਣੀ ਮਿਹਨਤ ਸਦਕਾ  ਥੋੜ੍ਹੇ ਸਮੇਂ ਵਿੱਚ ਹੀ ਸਵੱਛਤਾ ਤਹਿਤ ਵੱਡੀ ਪਹਿਲਕਦਮੀ ਕੀਤੀ ਹੈ।

ਹੋਰ ਪੜ੍ਹੋ :-ਜ਼ਿਲੇ ਵਿਚ ਝੋਨੇ ਦੀ ਖ਼ਰੀਦ ਦਾ ਅੰਕੜਾ 50 ਹਜ਼ਾਰ ਮੀਟਿ੍ਰਕ ਟਨ ਤੋਂ ਪਾਰ-ਡੀ. ਸੀ

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਥੇਹ ਕਲੰਦਰ ਸਵੱਛਤਾ ਪੱਖੋਂ ਬਹੁਤ ਕੰਮ ਕਰ ਰਿਹਾ ਹੈ ਅਤੇ ਇਹ ਪਿੰਡ ਹਰੇਕ ਪੱਖ ਤੋਂ ਵਧੀਆ ਪਿੰਡਾਂ ਦੀ ਸੂਚੀ ਵਿਚ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਗਲੀਆਂ-ਨਾਲੀਆਂ, ਛੱਪੜ, ਪਾਰਕ, ਖੇਡ ਗਰਾਊਂਡਾਂ ਆਦਿ ਦਾ ਬਹੁਤ ਵਧੀਆ  ਸਾਫ਼ ਸੁਥਰਾ ਅਤੇ ਢੁੱਕਵਾਂ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਨਾਲੋਂ ਸਵੱਛਤਾ ਪੱਖੋਂ ਪਹਿਲੀ ਸੂਚੀ ਵਿੱਚ ਆਉਂਦਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਨੋਰਥ ਆਪਣੇ ਪਿੰਡ ਨੂੰ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਵਿਚੋਂ ਸਭ ਨਾਲੋਂ ਪਹਿਲੇ ਨੰਬਰ ਤੇ ਹਰ ਪੱਖੋਂ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਸਵੱਛਤਾ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਪਿੰਡ ਵਿੱਚ ਤਿੰਨ ਲੱਖ ਦੀ ਲਾਗਤ ਨਾਲ ਸਾਂਝੀਆਂ ਫਲੱਸ਼ਾਂ   ਦਾ ਨਿਰਮਾਣ ਕੀਤਾ ਗਿਆ ਹੈ ਜੋ ਕਿ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਹਰੇਕ ਨਾਗਰਿਕ ਨੂੰ ਸਵੱਛਤਾ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ ਹੈ ਅਤੇ ਖੁੱਲ੍ਹੇ ਵਿੱਚ ਸ਼ੋਚ ਕਰਨ ਤੋਂ ਰੋਕਿਆ ਗਿਆ ਹੈ ਅਤੇ ਇਨ੍ਹਾਂ ਸਾਂਝੀ ਫਲੱਸ਼ਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਵਿਚ ਹਰੇਕ ਪੱਖੋਂ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਉਨ੍ਹਾਂ ਦੇ ਪਤੀ ਗੁਰਵਿੰਦਰ ਸਿੰਘ  ਬਰਾੜ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪਿੰਡ ਵਿਚ ਦਾਖਲ ਹੁੰਦਿਆਂ ਹੀ ਮਹਿਸੂਸ਼ ਹੁੰਦਾ ਹੈ ਕਿ ਕਿਸੇ ਖਾਸ ਪਿੰਡ ਵਿਚ ਪਹੁੰਚ ਗਏ ਹੋ। ਪਿੰਡ ਦੀ ਐਂਟਰੀ ਤੇ ਸ਼ਾਨਦਾਰ ਸੜਕ ਸਵਾਗਤ ਕਰਦੀ ਹੈ ਜਦ ਕਿ ਪਿੰਡ ਦੇ ਅੰਦਰ 3 ਕਨਾਲ ਵਿਚ ਬਹੁਤ ਹੀ ਵਧੀਆ ਪਾਰਕ ਬਣਾਇਆ ਗਿਆ ਹੈ। ਮਹਿਲਾ ਸਰਪੰਚ ਨੇ ਪਿੰਡਾਂ ਦੀਆਂ ਔਰਤਾਂ ਦੀਆਂ ਮੁਸਕਿਲਾਂ ਨੂੰ ਪਹਿਲ ਦੇ ਅਧਾਰ ਤੇ ਸਮਝਦਿਆਂ ਇਹ ਪਾਰਕ ਬਣਾਇਆ ਹੈ ਜਿੱਥੇ ਰਾਤ ਸਮੇਂ ਵੀ ਔਰਤਾਂ ਸ਼ੈਰ ਕਰ ਸਕਦੀਆਂ ਹਨ। ਇਸ ਤੋਂ ਬਿਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਲ ਲਈ ਫਲੱਡ ਲਾਇਟਾਂ ਵਾਲਾ ਵਾਲੀਬਾਲ ਗਰਾਉਂਡ ਬਣਾਇਆ ਗਿਆ ਹੈ। ਪਿੰਡ ਵਿਚ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਪਿੰਡ ਦੀ ਦਾਣਾ ਮੰਡੀ ਦੀ ਚਾਰਦਿਵਾਰੀ ਕਰਕੇ ਗੇਟ ਬੰਦ ਹੁੰਦੇ ਹਨ ਤਾਂ ਕਿ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਪਿੰਡ ਦੇ ਛੱਪੜ ਦੀ ਚਾਰਦਿਵਾਰੀ ਕੀਤੀ ਗਈ ਹੈ। ਸਕੂਲ ਵਿਚ ਦੋ ਕਮਰੇ ਤਿਆਰ ਕਰਵਾਏ ਜਾ ਰਹੇ ਹਨ। ਦੋ ਆਂਗਣਬਾੜੀ ਸੈਂਟਰਾਂ ਅਤੇ ਹਸਪਤਾਲ ਦੀ ਦਿੱਖ ਸੁਧਾਰੀ ਗਈ ਹੈ ਅਤੇ ਬੱਸ ਅੱਡੇ ਦੀ ਰਿਪੇਅਰ ਕੀਤੀ ਗਈ ਹੈ। ਲੋੜਵੰਦ ਲੋਕਾਂ ਦੇ ਸਮਾਜਿਕ ਸਮਾਗਮਾਂ ਲਈ 60 ਹਜਾਰ ਰੁਪਏ ਦੀ ਰਕਮ ਨਾਲ ਬਰਤਨ ਬੈਂਕ ਸਥਾਪਿਤ ਕੀਤਾ ਗਿਆ ਹੈ ਜਿਸ ਨਾਲ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਘੱਟਣ ਨਾਲ ਵਾਤਾਵਰਨ ਨੂੰ ਵੀ ਗੰਦਾ ਹੋਣ ਤੋਂ ਬਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਇਸ ਹੋਏ ਵਿਕਾਸ ਨੂੰ ਦੇਖਦਿਆਂ ਹੀ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਨੂੰ ਦੀਨ ਦਿਆਲ ਉਪਾਧਿਆ ਸਸ਼ਕਤੀਕਰਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।