ਵਜ਼ੀਫ਼ਾ ਘੁਟਾਲੇ ਨੂੰ ਲੈ ਕੇ ‘ਆਪ’ ਨੇ ਫਗਵਾੜਾ ਦੇ ਵਿਧਾਇਕ ਧਾਲੀਵਾਲ ਵਿਰੁੱਧ ਵੀ ਖੋਲ੍ਹਿਆ ਮੋਰਚਾ

aap protest

-ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਲਗਾਇਆ ਧਰਨਾ

ਫਗਵਾੜਾ/ਕਪੂਰਥਲਾ/ਜਲੰਧਰ, 9 ਸਤੰਬਰ 2020
ਦਲਿਤ ਵਿਦਿਆਰਥੀਆਂ ਲਈ ਕੇਂਦਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ‘ਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੇ ਮਾਮਲੇ ‘ਚ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਵਿਰੁੱਧ ਫਗਵਾੜਾ ‘ਚ ਪੱਕਾ ਮੋਰਚਾ ਲਗਾ ਲਿਆ ਹੈ।
ਬੁੱਧਵਾਰ ਨੂੰ ਇਸ ਦਿਨ ਰਾਤ ਦੇ ਪੱਕੇ ਧਰਨੇ ਦੀ ਸ਼ੁਰੂਆਤ ਪਾਰਟੀ ਜਗਰਾਓ ਤੋਂ ਵਿਧਾਇਕਾ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕੀਤੀ। ਇਸ ਮੌਕੇ ਪਾਰਟੀ ਲੀਡਰਸ਼ਿਪ ‘ਚੋਂ ਡਾ. ਸ਼ਿਵ ਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਜੋਗਿੰਦਰਪਾਲ ਯਾਦਵ, ਸੰਤੋਖ ਗੋਗੀ, ਡਾ. ਕਸ਼ਮੀਰ ਸਿੰਘ ਮੱਲ੍ਹੀ, ਰਾਜਵਿੰਦਰ ਕੌਰ ਥਿਆੜਾ, ਰਮਣੀਕ ਰੰਧਾਵਾ, ਐਡਵੋਕੇਟ ਪਰਮਪ੍ਰੀਤ ਸਿੰਘ, ਬਲਵੰਤ ਭਾਟੀਆ, ਪ੍ਰੇਮ ਕੁਮਾਰ, ਸੁਖ ਸੰਧੂ ਆਦਿ ਆਗੂ ਹਾਜ਼ਰ ਸਨ।
ਮਾਣੂੰਕੇ ਨੇ ਕਿਹਾ ਕਿ ਦਲਿਤ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਸ਼ੁਰੂ ਕੀਤੀ ਇਸ ਸਕੀਮ ‘ਚ ਪਹਿਲਾਂ ਅਕਾਲੀ-ਭਾਜਪਾ ਅਤੇ ਹੁਣ ਕਾਂਗਰਸੀਆਂ ਨੇ ਬੇਸ਼ਰਮ ਹੋ ਕੇ ਲੁੱਟ ਮਚਾਈ ਹੈ। 63.91 ਕਰੋੜ ਰੁਪਏ ਦੇ ਇਸ ਬਹੁ ਕਰੋੜੀ ਘੁਟਾਲੇ ‘ਚ ਘਿਰੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ-ਨਾਲ ਹੁਣ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਦਾ ਨਾਮ ਵੀ ਆ ਗਿਆ ਹੈ। ਇਸ ਲਈ ਧਰਮਸੋਤ ਦੇ ਨਾਲ-ਨਾਲ ਧਾਲੀਵਾਲ ‘ਤੇ ਵੀ ਮੁਕੱਦਮਾ ਦਰਜ ਕੀਤਾ ਜਾਵੇ।
ਮਾਣੂੰਕੇ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਮੰਤਰੀ ਅਤੇ ਡਿਪਟੀ ਡਾਇਰੈਕਟਰ 64 ਕਰੋੜ ਰੁਪਏ ਦੇ ਯੋਜਨਾਬੱਧ ਘਪਲਾ ਕਰ ਜਾਣ, ਪਰੰਤੂ ਸਮਾਜਿਕ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਭਿਣਕ ਤੱਕ ਵੀ ਨਾ ਪਵੇ ਜੋ ਉਸ ਸਮੇਂ ਡਾਇਰੈਕਟਰ ਬਲਵਿੰਦਰ ਸਿੰਘ ਧਾਲੀਵਾਲ ਹੀ ਸਨ।
ਮਾਣੂੰਕੇ ਨੇ ਕਿਹਾ ਕਿ ਜਦ ਤੱਕ ਸਰਕਾਰ ਦਲਿਤ ਵਿਦਿਆਰਥੀਆਂ ਦਾ ਹੱਕ ਲੁੱਟਣ ਵਾਲੇ ਇਨ੍ਹਾਂ ਚੋਰਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੇ ਉਦੋਂ ਤੱਕ ਨਾਭਾ ਵਾਂਗ ਫਗਵਾੜਾ ‘ਚ ਵੀ ਪੱਕਾ ਧਰਨਾ ਜਾਰੀ ਰਹੇਗਾ।