ਕਰਜੇ ਕਾਰਨ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਕਰਜਾ ਮੁਆਫ਼ ਕਰੇ ਪੰਜਾਬ ਸਰਕਾਰ: ਹਰਪਾਲ ਸਿੰਘ ਚੀਮਾ

-ਕੈਂਸਰ ਨੇ ਪਿਉਂ ਮਾਰਿਆ, ਕਰਜੇ ਦੇ ਦੈਂਤ ਨੇ ਨਿਗਲਿਆ ਪੁੱਤ

ਲਹਿਰਾਗਾਗਾ,  2 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਰਜੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਮਨਦੀਪ ਸਿੰਘ ਵਾਸੀ ਸੰਗਤਪੁਰਾ ਦਾ ਸਾਰਾ ਕਰਜਾ ਮੁਆਫ਼ ਕਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਜਨੀਤ ਸਿੰਘ ਚੰਨੀ ਨੂੰ ਭੇਜੇ ਪੱਤਰ ਵਿੱਚ ਦੱਸਿਆ ਕਿ ਵਿਧਾਨ ਸਭਾ ਹਲਕਾ ਦਿੜਬਾ ਦੇ ਪਿੰਡ ਸੰਗਤਪੁਰਾ ਦੇ ਰਹਿਣ ਵਾਲੇ ਮਨਦੀਪ ਸਿੰਘ ਉਰਫ਼ ਕਾਲਾ ਨੇ 28 ਸਾਲਾਂ ਦੀ ਉਮਰ ਵਿੱਚ ਹੀ ਮੌਤ ਨੂੰ ਗਲੇ ਲਾ ਲਿਆ, ਕਿਉਂਕਿ ਉਸ ਦੇ ਪਰਿਵਾਰ ਦੇ ਸਿਰ ‘ਤੇ ਕਰਜੇ ਦਾ ਵੱਡਾ ਭਾਰ ਸੀ। ਐਨਾ ਹੀ ਨਹੀਂ ਮ੍ਰਿਤਕ ਨੌਜਵਾਨ ਦੇ ਪਿਤਾ ਨਾਜਰ ਸਿੰਘ ਦੀ ਪੰਜ ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਨਾਂ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਦੇ ਪਰਿਵਾਰ ਵਿੱਚ ਹੁਣ ਕੇਵਲ ਇੱਕ ਛੋਟਾ ਬੱਚਾ, ਧਰਮਪਤਨੀ ਅਤੇ ਬਿਰਧ ਮਾਤਾ ਰਹਿ ਗਏ ਹਨ, ਜੋ ਕਰਜਾ ਮੋੜਨ ਤੋਂ ਅਸਮਰਥ ਹਨ।

ਹੋਰ ਪੜ੍ਹੋ :- ਡੀ.ਸੀ. ਤੇ ਸੀ.ਪੀ. ਵੱਲੋਂ ਕਾਦੀਆਂ ਮਾਈਨਿੰਗ ਸਾਈਟ ਦੀ ਅਚਨਚੇਤ ਚੈਕਿੰਗ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮ੍ਰਿਤਕ ਮਨਦੀਪ ਸਿੰਘ ਦਾ ਪਰਿਵਾਰ ਨੂੰ ਜਿੱਥੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਦੁੱਖ ਦਿੱਤਾ ਹੈ, ਉਥੇ ਹੀ ਕਰਜੇ ਦੇ ਦੈਂਤ ਨੇ ਪਰਿਵਾਰ ਦੇ ਇੱਕੋ ਇੱਕ ਨੌਜਵਾਨ ਨੂੰ ਵੀ ਨਿਗਲ ਲਿਆ ਹੈ। ਹੁਣ ਪਰਿਵਾਰ ਕੋਲ ਕੋਈ ਘਰੇਲੂ ਕੰਮ ਕਾਰ ਕਰਨ ਵਾਲਾ ਮਰਦ ਵਿਅਕਤੀ ਵੀ ਨਹੀਂ ਬਚਿਆ, ਇਸ ਲਈ ਪੰਜਾਬ ਸਰਕਾਰ ਜਲਦ ਤੋਂ ਜਲਦ ਇਸ ਪਰਿਵਾਰ ਦੇ ਸਿਰ ਤੋਂ ਕਰਜੇ ਦੀ ਪੰਡ ਉਤਾਰ ਕੇ ਰਾਹਤ ਪ੍ਰਦਾਨ ਕਰੇ।