ਮੁੱਖ ਮੰਤਰੀ ਚੰਨੀ ਵਲੋਂ ਤਲਵੰਡੀ ਸਾਬੋ ਵਿਖੇ ਵਿਰਾਸਤੀ ਮਾਰਗ ਬਣਾਉਣ ਦਾ ਐਲਾਨ

CHARANJIT SINGH CHANNI
CM CHANNI ANNOUNCES HERITAGE STREET FOR TALWANDI SABO
-ਹਲਕੇ ਦੇ ਵਿਕਾਸ ਲਈ 15 ਕਰੋੜ ਦਿੱਤੇ
-ਪੇਂਡੂ ਸੜਕਾਂ ਲਈ 5 ਕਰੋੜ ਹੋਰ ਮਿਲਣਗੇ
-ਰਾਮਾਮੰਡੀ ਵਿਖੇ ਬਣੇਗਾ 50 ਬਿਸਤਰਿਆਂ ਦਾ ਹਸਪਤਾਲ 
-ਝੂਠੇ ਵਾਅਦੇ ਕਰਨ ਲਈ ਅਕਾਲੀ ਦਲ ਅਤੇ ਆਪ ਨੂੰ ਲਿਆ ਕਰੜੇ ਹੱਥੀਂ  

ਰਾਮਾਂ ਮੰਡੀ 8 ਦਸੰਬਰ 2021

ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਵਿਕਾਸ ਲਈ ਕੁਝ ਨਾ ਕਰਨ ਲਈ ਅਕਾਲੀ ਦਲ ਅਤੇ ਆਪ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਅਤੇ ਸ੍ਰੀ ਚਮਕੌਰ ਸਾਹਿਬ ਦੀ ਤਰਜ਼ ਤੇ ਤਲਵੰਡੀ ਸਾਬੋ ਵਿਖੇ ਵੀ ਵਿਰਾਸਤੀ ਮਾਰਗ ਬਣਾਇਆ ਜਾਵੇਗਾ।

ਹੋਰ ਪੜ੍ਹੋ :-ਜ਼ਿਲ੍ਹੇ ਅੰਦਰ ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਹਸਤਾਖਰ ਅਭਿਆਨ ਚਲਾਇਆ

ਅੱਜ ਇੱਥੇ ਦਾਣਾ ਮੰਡੀ ਵਿਚ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਬਾਦਲਾਂ ਨੇ ਸਾਰਾ ਧਿਆਨ ਆਪਣੇ ਖ਼ਜ਼ਾਨੇ ਭਰਨ ਤੇ ਲਗਾਈ ਰੱਖਿਆ ਅਤੇ ਪਵਿੱਤਰ ਸ਼ਹਿਰ ਤਲਵੰਡੀ ਸਾਬੋ ਦੇ ਵਿਕਾਸ ਲਈ ਕੁਝ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਇਸ ਧਾਰਮਿਕ ਤੌਰ ਤੇ ਪਵਿੱਤਰ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ਼ ਉੱਦਮ ਕੀਤੇ ਜਾਣਗੇ।ਇਸ ਮੌਕੇ ਉਨ੍ਹਾਂ ਨੇ ਤਲਵੰਡੀ ਸਾਬੋ ਦੇ ਸਰਬਪੱਖੀ ਵਿਕਾਸ ਲਈ ਅਨੇਕਾਂ ਵੱਡੇ ਕਦਮ ਚੁੱਕਣ ਦਾ ਐਲਾਨ ਕਰਦਿਆਂ ਆਖਿਆ ਕਿ ਜਿਸ ਤਰ੍ਹਾਂ ਦਾ ਆਧੁਨਿਕ ਮਾਡਲ ਸਕੂਲ ਖਰੜ ਵਿਖੇ ਬਣਾਇਆ ਗਿਆ ਹੈ ਉਸੇ ਤਰ੍ਹਾਂ ਦਾ ਹੀ ਸਕੂਲ ਰਾਮਾਂ ਮੰਡੀ ਵਿਖੇ ਬਣਾਇਆ ਜਾਵੇਗਾ ਤਾਂ ਜੋ ਇਲਾਕੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ ।

ਮੰਡੀ ਦੀ ਯਾਤਾਯਾਤ ਸਮੱਸਿਆ ਸਬੰਧੀ ਬੋਲਦਿਆਂ ਉਨ੍ਹਾਂ ਨੇ ਰਾਮਾਂ ਮੰਡੀ ਵਿਚ ਇਕ ਫਲਾਈਓਵਰ ਬਣਾਉਣ ਦਾ ਐਲਾਨ ਵੀ ਕੀਤਾ।

ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਗੋਆ ਵਿੱਚ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਤਾਂ ਪੰਜਾਬ ਵਿੱਚ ਇਸ ਦੇ ਬਰਾਬਰ ਜਾਂ ਪੰਜ ਹਜ਼ਾਰ ਰੁਪਏ ਦੇਣ ਦਾ ਐਲਾਨ ਕਿਉਂ ਨਹੀਂ ਕੀਤਾ । ਉਨ੍ਹਾਂ ਨੇ ਆਪ ਵਾਲਿਆਂ ਨੂੰ ਬਾਹਰੀ ਦੱਸਦਿਆਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਲਈ ਝੂਠੇ ਵਾਅਦਿਆਂ ਤੋਂ ਇਲਾਵਾ ਕੁੱਝ ਵੀ ਨਹੀਂ ਕੀਤਾ ।

ਲੋਕਾਂ ਦੀ ਤਾੜੀਆਂ ਦੀ ਗੜਗੜਾਹਟ ਵਿੱਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇੱਥੋਂ ਦੀ ਆਪਣੀ ਪੁਰਾਣੀ ਸਾਈਕਲ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਵਾਰੀ ਉਹ ਹੈਲੀਕਾਪਟਰ ਤੇ ਆਏ ਹਨ ਜੋ ਸਾਡੇ ਲੋਕਾਂ ਵੱਲੋਂ ਦਿੱਤੇ ਪਿਆਰ ਅਤੇ ਵਿਸ਼ਵਾਸ ਦਾ ਨਤੀਜਾ ਹੈ ।ਉਨ੍ਹਾਂ ਆਖਿਆ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ ਦੇ ਹੋਏ ਖਰਾਬੇ ਦੇ ਮੁਆਵਜ਼ੇ ਵਜੋਂ ਕਿਸਾਨਾਂ ਨੂੰ 17000 ਰੁਪਏ ਪ੍ਰਤੀ ਏਕਡ਼ ਦਾ ਮੁਆਵਜ਼ਾ ਅਗਲੇ ਹਫ਼ਤੇ ਤੱਕ ਮਿਲ ਜਾਵੇਗਾ।

ਮੁੱਖ ਮੰਤਰੀ ਨੇ ਕਾਂਗਰਸ ਆਗੂ ਅਤੇ ਤਲਵੰਡੀ ਸਾਬੋ ਹਲਕਾ ਦੇਖ ਰਹੇ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਇਲਾਕੇ ਦੀਆਂ ਮੰਗਾਂ ਨੂੰ ਪ੍ਰਭਾਵੀ ਤਰੀਕੇ ਨਾਲ ਉਠਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਕਾਂਗਰਸ ਸਰਕਾਰ ਤਲਵੰਡੀ ਸਾਬੋ ਦੇ ਵਿਕਾਸ ਵਿੱਚ ਇੱਕ ਵੀ ਰੁਕਾਵਟ ਨਹੀਂ ਰਹਿਣ ਦੇਵੇਗੀ।

ਇਸ ਤੋਂ ਪਹਿਲਾਂ ਬੋਲਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਰੋਜ਼ਾਨਾ ਆਮਦਨ ਵਿੱਚ 1.28 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ 14 ਕਰੋੜ ਰੁਪਏ ਦੀ ਟੈਕਸ ਵਸੂਲੀ ਹੋਈ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਪੰਜਾਬੀਆਂ ਨਾਲ ਧੋਖਾ ਕਰਨ ਦੀ ਗੱਲ ਵੀ ਆਖੀ ।ਇਸ ਤੋਂ ਪਹਿਲਾਂ ਖੁਸ਼ਬਾਜ ਸਿੰਘ ਜਟਾਣਾ ਨੇ ਇਸ ਮੌਕੇ ਬੋਲਦਿਆਂ ਇਲਾਕੇ ਦੀਆਂ ਮੰਗਾਂ ਮੁੱਖ ਮੰਤਰੀ ਦੇ ਸਨਮੁਖ ਰੱਖੀਆਂ ।

ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਮਾਮੰਡੀ ਵਿਖੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ
ਸਥਾਨਕ ਸੀਨੀਅਰ ਆਗੂ ਖੁਸ਼ਬਾਜ ਸਿੰਘ ਜਟਾਣਾ ਦੀ ਹਾਜ਼ਰੀ ਵਿੱਚ ਨਵੀਂ ਬਣਨ ਵਾਲੀ ਸਬਜ਼ੀ ਮੰਡੀ ਦਾ ਨੀਂਹ ਪੱਥਰ ਵੀ ਰੱਖਿਆ । ਇਸ ਮੌਕੇ ਉਨ੍ਹਾਂ ਨੇ ਪੰਜ ਪੰਜ ਮਰਲੇ ਦੇ ਪਲਾਟਾਂ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ।

ਇਸ ਮੌਕੇ ਸਾਬਕਾ ਮੰਤਰੀ ਹਰਮਿੰਦਰ ਜੱਸੀ , ਬਠਿੰਡਾ ਦੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ, ਆਈ ਜੀ ਪੁਲਸ ਬਠਿੰਡਾ ਰੇਂਜ ਜਸਕਰਨ ਸਿੰਘ, ਐੱਸਐੱਸਪੀ ਅਜੈ ਮਲੂਜਾ ਵੀ ਹੋਰਨਾਂ ਪ੍ਰਮੁੱਖ ਆਗੂਆਂ ਦੇ ਨਾਲ ਨਾਲ ਹਾਜ਼ਰ ਸਨ।