‘ਸਹੀ ਪੋਸ਼ਨ ਦੇਸ਼ ਰੋਸ਼ਨ’ ਤਹਿਤ ਮਹਿਲਾਵਾਂ ਨੂੰ ਪਿੰਡਾਂ ’ਚ ਰੈਲੀਆਂ ਕੱਢ ਕੇ ਕੀਤਾ ਜਾ ਰਿਹੈ ਜਾਗਰੂਕ

Barnala poshan maah

ਕੋਵਿਡ-19 ਦੇ ਬਚਾਅ ਤੋਂ ਸਾਵਧਾਨੀਆਂ ਰੱਖਣ ਲਈ ਵੀ ਦੱਸੇ ਜਾ ਰਹੇ ਹਨ ਤਰੀਕੇ

ਬਰਨਾਲਾ, 19 ਸਤੰਬਰ:

ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਦੀ ਅਗਵਾਈ ਹੇਠ ਪਿੰਡਾਂ ਵਿੱਚ ਸਵੈ-ਸੇਵੀ ਗਰੁੱਪਾਂ ਵੱਲੋਂ ‘ ਸਹੀ ਪੋਸ਼ਨ ਦੇਸ਼ ਰੋਸ਼ਨ’ ਤਹਿਤ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ।

ਇਸ ਪੋਸ਼ਣ ਮਹੀਨੇ ਤਹਿਤ ਕਲੱਸਟਰ ਕੋਆਰਡੀਨੇਟਰ ਪ੍ਰਿਆ ਗੁਪਤਾ ਦੀ ਅਗਵਾਈ ਵਿੱਚ ਮੌੜ ਨਾਭਾ ਤੋਂ ਰਾਣੀ ਅਤੇ ਤਲਵੰਡੀ ਤੋਂ ਬਲਵੀਰ ਕੌਰ ਵੱਲੋਂ ਪਿੰਡਾਂ ’ਚ ਰੈਲੀਆਂ ਕੱਢ ਕੇ ਪੋਸ਼ਣ ਮਹੀਨੇ ਤਹਿਤ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਗਈਆਂ। ਇਨ੍ਹਾਂ ਰੈਲੀਆਂ ’ਚ ‘ਸਹੀ ਪੋਸ਼ਣ ਦੇਸ਼ ਰੋਸ਼ਨ’ ਤਹਿਤ ਪਿੰਡਾਂ ਦੇ ਲੋਕਾਂ ਨੂੰ ਖਾਣ-ਪੀਣ, ਅਨੀਮੀਆ ਲਈ ਚੈਕ ਅੱਪ ਕਰਵਾਉਣ, ਗਰਭਵਤੀ ਔਰਤਾਂ ਨੂੰ 1000 ਦਿਨਾਂ ਦੌਰਾਨ ਹਰੀ ਸਬਜ਼ੀ, ਪੀਲੇ ਸੰਤਰੀ ਫ਼ਲ ਖਾਣ, ਸਵੱਛਤਾ ਅਤੇ ਸਾਫ਼ ਹੱਥਾਂ ਨਾਲ ਖਾਣਾ ਬਣਾਉਣ ਸਬੰਧੀ 5 ਸੂਤਰਾਂ ਬਾਰੇ ਜਾਗਰੂਕ ਕੀਤਾ ਗਿਆ ਤਾਂ ਕਿ ਸਿਹਤ ਦਾ ਖਿਆਲ ਰੱਖਦਿਆਂ ਅਸੀਂ ਤੰਦਰੁਸਤ ਰਹਿ ਸਕੀਏ।

ਇਸ ਤੋਂ ਇਲਾਵਾ ਕੋਵਿਡ-19 ਤੋਂ ਬਚਾਅ ਦੇ ਲਈ ‘ਮਿਸ਼ਨ ਫ਼ਤਹਿ’ ਤਹਿਤ ਲੋਕਾਂ ਨੂੰ ਤਰੀਕੇ ਦੱਸਦਿਆਂ ਜਿਵੇਂ ਕਿ ਜ਼ਰੂਰਤ ਸਮੇਂ ਹੀ ਘਰ ਤੋਂ ਬਾਹਰ ਜਾਣਾ, ਘਰ ਤੋਂ ਬਾਹਰ ਜਾਣ ਸਮੇਂ ਮਾਸਕ ਲਗਾ ਕੇ ਰੱਖਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਸਮੇਂ-ਸਮੇਂ ’ਤੇ ਹੱਥਾਂ ਨੂੰ ਸੈਨੇਟਾਈਜ਼ ਕਰਨਾ ਜਾਂ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਆਦਿ ਬਾਰੇ ਜਾਗਰੂਕ ਕੀਤਾ ਗਿਆ।