ਕਿਹਾ, ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਅਕਾਲੀ,ਭਾਜਪਾ, ਕਾਂਗਰਸ ਅਤੇ ਕੈਪਟਨ ਆਪਸ ’ਚ ਮਿਲੇ
ਵਪਾਰੀਆਂ ਲਈ ਸੁਰੱਖਿਆ ਵੱਡਾ ਮੁੱਦਾ, ‘ਆਪ’ ਦੀ ਸਰਕਾਰ ਵਪਾਰ ਲਈ ਸੁਰੱਖਿਤ ਮਹੌਲ ਬਣਾਏਗੀ
ਸੱਤਾਧਾਰੀ ਆਗੂ ਲੋਕਾਂ ਨਾਲ ਕਰਦੇ ਹਨ ਰਾਜਿਆਂ ਵਾਲਾ ਵਰਤਾਓ, ਰੱਖਿਆ ਕਰਨ ਦੀ ਥਾਂ ਡਰਾਉਂਦੇ ਹਨ
ਸ੍ਰੀ ਮੁਕਤਸਰ ਸਾਹਿਬ, 27 ਦਸੰਬਰ 2021
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੇ ਅਕਾਲੀ ਦਲ ਬਾਦਲ, ਭਾਜਪਾ, ਕੈਪਟਨ ਅਤੇ ਕਾਂਗਰਸ ’ਤੇ ਆਪਸ ਵਿੱਚ ਰਲੇ ਹੋਣ ਦਾ ਦੋਸ਼ ਲਾਇਆ ਹੈ। ਜੈਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਕਾਸ ਦੀ ਉਮੀਦ ਨਾਲ ਵਾਰ- ਵਾਰ ਸਰਕਾਰ ਬਦਲੀ, ਪਰ ਉਨਾਂ ਦੇ ਹਲਾਤ ਨਹੀਂ ਬਦਲੇ। ਲੋਕਾਂ ਨੇ ਕਦੇ ਅਕਾਲੀ- ਭਾਜਪਾ ਅਤੇ ਕਦੇ ਕਾਂਗਰਸ- ਕੈਪਟਨ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ, ਪਰ ਇਨਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਲਈ ਕੁੱਝ ਨਹੀਂ ਕੀਤਾ।
ਹੋਰ ਪੜ੍ਹੋ :-ਖੋਟੀ ਕਾਂਗਰਸ ਨੂੰ ਚੱਲਦਾ ਕਰਕੇ ਪੰਜਾਬ ਵਿਚ 24 ਕੈਰੇਟ ਸ਼ੁੱਧ ਪੰਜਾਬੀਆਂ ਦੀ ਸਰਕਾਰ ਬਣਾਵਾਂਗੇ : ਜਸਵੀਰ ਸਿੰਘ ਗੜ੍ਹੀ
ਰਾਜ ਦੇ ਲੋਕਾਂ ਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਦੇਖ ਕੇ ਅੰਦਰ ਤੋਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ। ਇਨਾਂ ਦਾ ਇੱਕ ਮਕਸਦ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਰੋਕਿਆ ਜਾਵੇ, ਕਿਉਂਕਿ 2017 ਦੀਆਂ ਚੋਣਾ ਵਿੱਚ ਵੀ ਕੈਪਟਨ ਅਤੇ ਬਾਦਲ ਨੇ ਆਪਸੀ ਸਮਝੌਤਾ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਸੀ।
ਸਤਿੰਦਰ ਜੈਨ ਨੇ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਆਸਪਾਸ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ ਕਰਕੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੱਕੇ ਹੱਲ ਲਈ ਸੁਝਾਅ ਵੀ ਮੰਗੇ। ਆਪਣੇ ਸੰਬੋਧਨ ਵਿੱਚ ਜੈਨ ਨੇ ਕਿਹਾ ਕਿ ਪੰਜਾਬ ਦੇ ਵਪਾਰੀਆਂ ਲਈ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ। ਪੰਜਾਬ ਦੇ ਵਪਾਰੀ ਡਰ ਮਹਿਸੂਸ ਕਰ ਰਹੇ ਹਨ, ਕਿਉਂਕਿ ਸੱਤਾਧਾਰੀ ਆਗੂ ਸੁਰੱਖਿਆ ਕਰਨ ਦੀ ਥਾਂ ਉਨਾਂ ਦੇ ਵਪਾਰ ਵਿੱਚ ਹਿੱਸਾ ਮੰਗਦੇ ਹਨ। ਭਿ੍ਰਸ਼ਟਾਚਾਰ ਤੋਂ ਤੰਗ ਆ ਕੇ ਪੰਜਾਬ ਦੇ ਵਪਾਰੀ ਦੂਜੇ ਰਾਜਾਂ ਵਿੱਚ ਨਿਵੇਸ਼ ਕਰ ਰਹੇ ਹਨ।
ਜੈਨ ਨੇ ਵਪਾਰੀਆਂ ਨਾਲ ਵਾਅਦਾ ਕੀਤਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਵਪਾਰ ਲਈ ਸੁਰੱਖਿਅਤ ਮਹੌਲ ਬਣਾਇਆ ਜਾਵੇਗਾ ਅਤੇ ਵਪਾਰੀਆਂ ਦੀ ਸੁਰੱਖਿਆ ਦੀ ਪੂਰੀ ਗਰੰਟੀ ‘ਆਪ’ ਸਰਕਾਰ ਲਵੇਗੀ। ਉਨਾਂ ਦਾਅਵਾ ਕੀਤਾ ਕਿ ਭਾਰਤ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਇੱਕਲੀ ਅਜਿਹੀ ਪਾਰਟੀ ਹੈ, ਜਿਸ ਨੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਪੰਜਾਬ ਦੇ ਲੋਕਾਂ ਨੂੰ ਵੀ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਹਨ, ਸਰਕਾਰ ਬਣਨ ’ਤੇ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ।
ਸਤਿੰਦਰ ਜੈਨ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਆਮ ਲੋਕਾਂ ਨਾਲ ਰਾਜਿਆਂ- ਮਹਾਰਾਜਿਆਂ ਵਾਲਾ ਵਰਤਾਓ ਕਰਦੇ ਹਨ, ਜਦੋਂ ਕਿ ਇਨਾਂ ਲੋਕਾਂ ਨੇ ਹੀ ਵੋਟਾਂ ਪਾ ਕੇ ਸਰਕਾਰ ਬਣਾਈ ਹੈ। ਸੱਤਾਧਾਰੀ ਆਗੂ ਲੋਕਾਂ ਦੀ ਸੁਰੱਖਿਆ ਕਰਨ ਦੀ ਥਾਂ ਉਨਾਂ ਨੂੰ ਡਰਾਉਂਦੇ- ਧਮਕਾਉਂਦੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਆਮ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਇਸ ਲਈ ਉਹ ਆਮ ਆਦਮੀ ਦੀ ਤਕਲੀਫ਼ ਅਤੇ ਭਾਵਨਾਵਾਂ ਨੂੰ ਚੰਗੀ ਤਰਾਂ ਸਮਝਦੇ ਹਨ।
ਚੰਡੀਗੜ ਨਗਰ ਨਿਗਮ ਚੋਣਾ ਵਿੱਚ ‘ਆਪ’ ਨੂੰ ਮਿਲੀ ਜਿੱਤ ਬਾਰੇ ਜੈਨ ਨੇ ਕਿਹਾ ਕਿ ਚੰਡੀਗੜ ਦੇ ਲੋਕਾਂ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਗੰਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ। ਪੰਜਾਬ ਦੇ ਲੋਕ ਵੀ 2022 ਦੀਆਂ ਚੋਣਾ ਵਿੱਚ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਕੈਪਟਨ ਦੀ ਰਾਜਨੀਤੀ ਨੂੰ ਰੱਦ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਚੰਡੀਗੜ ਦੀ ਤਰਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਨੰਬਰ ਇੱਕ ਪਾਰਟੀ ਬਣੇਗੀ।

English






