ਰਾਤ 10 ਵਜੇ ਤੋ ਸਵੇਰ 5 ਵਜੇ ਤੱਕ ਰਹੇਗਾ ਰਾਤ ਦਾ ਕਰਿਫਊ–ਡਿਪਟੀ ਕਮਿਸ਼ਨਰ
15 ਜਨਵਰੀ ਤੱਕ ਸਾਰੇ ਸਕੂਲ,ਕਾਲਜ,ਯੂਨੀਵਰਸਿਟੀ ਅਤੇ ਕੋਚਿੰਗ ਸੰਸਥਾਨ ਰਹਿਣਗੇ ਬੰਦ
ਕਰਿਫਊ ਦੀ ਉਲੰਘਨਾ ਕਰਨ ਵਾਲਿਆਂ ਤੇ ਕੀਤੀ ਜਾਵੇਗੀ ਕਾਰਵਾਈ–ਪੁਲਸ ਕਮਿਸ਼ਨਰ
ਅੰਮਿ੍ਰਤਸਰ 4 ਜਨਵਰੀ 2022
ਕੋਵਿਡ ਦੇ ਵੱਧ ਰਹੇ ਖਤਰੇ ਦੇ ਮੱਦੇਨਜਰ ਜਿਲ੍ਹਾ ਮੈਜਿਸਟ੍ਰੇਟ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਇਕ ਵਿਸੇਸ ਹੁਕਮ ਜਾਰੀ ਕਰਕੇ ਜਿਲ੍ਹੇ ਅੰਦਰ ਪਾਬੰਦੀਆਂ ਲਾਗੂ ਕੀਤੀਆਂ ਹਨ।ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਜਨਤਕ ਥਾਂਵਾਂ ਅਤੇ ਕੰਮ ਦੀਆਂ ਥਾਂਵਾਂ ਤੇ ਮਾਸਕ ਪਾਉਣਾ ਲਾਜਮੀ ਕੀਤਾ ਗਿਆ ਹੈ। ਇਸੇ ਤਰਾਂ ਜਨਤਕ ਥਾਂਵਾਂ ਤੇ ਸਮਾਜਿਕ ਦੂਰੀ ਰੱਖਣ ਅਤੇ 6 ਫੁੱਟ ਦੀ ਦੂਰੀ ਰੱਖਣ ਲਈ ਨਿਰਦੇਸਤ ਕੀਤਾ ਗਿਆ ਹੈ।
ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮਾਸਿਕ ਤਨਖਾਹਾਂ ਵਿੱਚ ਵਾਧੇ ਦਾ ਐਲਾਨ
ਇਸ ਸਬੰਧੀ ਪ੍ਰੈ੍ਰਸ ਕਾਨਫਰੰਸ ਕਰਦੇ ਹੋਏ ਸ: ਖਹਿਰਾ ਨੇ ਦੱਸਿਆ ਕਿ ਇਸੇ ਤਰਾਂ ਧਾਰਾ 144 ਤਹਿਤ ਜਾਰੀ ਇੰਨ੍ਹਾਂ ਹੁਕਮਾਂ ਅਨੁਸਾਰ ਗੈਰ ਜਰੂਰੀ ਆਵਾਜਾਈ ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਰਾਤ ਦਾ ਕਰਿਫਊ ਰਹੇਗਾ। ਹਾਲਾਂਕਿ ਜਰੂਰੀ ਗਤੀਵਿਧੀਆਂ, ਸਮਾਨ ਦੀ ਢੌਆ ਢੁਆਈ, ਸਰਕਾਰੀ ਕੰਮਕਾਜ ਆਦਿ ਦੀ ਆਗਿਆ ਹੋਵੇਗੀ। ਇਸੇ ਤਰਾਂ ਹਵਾਈ ਜਹਾਜ, ਰੇਲਵੇ ਅਤੇ ਬੱਸ ਤੋਂ ਉਤਰ ਕੇ ਆਪਣੇ ਘਰ ਜਾਣ ਦੀ ਆਗਿਆ ਵੀ ਇਸ ਸਮੇਂ ਦੌਰਾਨ ਹੋਵੇਗੀ।
ਇਸੇ ਤਰਾਂ ਸਕੂਲ, ਕਾਲਜ, ਯੁਨੀਵਰਸਿਟੀਆਂ ਕੋਚਿੰਗ ਸੰਸਥਾਨ ਆਦਿ ਨੂੰ ਵੀ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ ਜਦ ਕਿ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ।
ਇਸੇ ਤਰਾਂ ਸਾਰੇ ਬਾਰ, ਸਿਨੇਮਾ, ਮਲਟੀਪਲੈਕਸ, ਸਪਾ, ਮਿਊਜੀਅਮ, ਮਾਲ, ਰੈਸਟੋਰੈਂਟ ਨੂੰ 50 ਫੀਸਦੀ ਸਮੱਰਥਾ ਨਾਲ ਹੀ ਖੋਲਣ ਦੀ ਆਗਿਆ ਹੋਵੇਗੀ ਬਸਰਤੇ ਸਾਰਾ ਸਟਾਫ ਪੂਰੀ ਤਰਾਂ ਵੈਕਸੀਨੇਟਡ ਹੋਵੇ। ਰਾਸਟਰੀ ਅੰਤਰਰਾਸਟਰੀ ਖੇਡ ਮੁਕਾਬਲਿਆਂ ਦੀਆਂ ਤਿਆਰੀ ਕਰ ਰਹੇ ਖਿਡਾਰੀਆਂ ਤੋਂ ਬਿਨ੍ਹਾਂ ਹੋਰ ਸਭ ਲਈ ਸਪੋਰਟਸ ਕੰਪਲੈਕਸ, ਸਟੇਡੀਆ, ਸਵੀਮਿੰਗ ਪੂਲ, ਜਿੰਮ ਵੀ ਬੰਦ ਰਹਿਣਗੇ। ਦਰਸਕਾਂ ਤੇ ਵੀ ਰੋਕ ਰਹੇਗੀ। ਏਸੀ ਬੱਸਾਂ 50 ਫੀਸਦੀ ਸਮੱਰਥਾ ਨਾਲ ਹੀ ਚੱਲ ਸਕਣਗੀਆਂ।
ਸਰਕਾਰੀ ਪ੍ਰਾਈਵੇਟ ਦਫਤਰਾਂ, ਉਦਯੋਗਾਂ, ਕੰਮਕਾਜੀ ਥਾਂਵਾਂ ਤੇ ਪੂਰੀ ਤਰਾਂ ਵੈਕਸੀਨੇਟਡ ਸਟਾਫ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ। ਸ੍ਰ ਖਹਿਰਾ ਨੇ ਦੱਸਿਆ ਕਿ 500 ਤੋਂ ਵੱਧ ਇਨਡੋਰ ਅਤੇ 700 ਤੋਂ ਵੱਧ ਆਉਟਡੋਰ ਵਿਅਕਤੀਆਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਦੀ ਸੀਮਾ ਰੇਖਾ 50 ਫੀਸਦੀ ਨਿਸ਼ਚਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਨਤਕ ਥਾਂਵਾਂ ਤੇ ਕੇਵਲ ਉਨ੍ਹਾਂ ਵਿਅਕਤੀਆਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ ਜਿੰਨਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ ਲਵਾਈਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਹਰੇਕ ਵਿਅਕਤੀ ਨੂੰ ਆਪਣੇ ਕੋਲ ਦੂਜੀ ਡੋਜ ਦੇ ਸਰਟੀਫਿਕੇਟ ਦੀ ਹਾਰਡ ਜਾਂ ਸਾਫਟ ਕਾਪੀ ਰੱਖਣੀ ਲਾਜਮੀ ਹੋਵੇਗੀ। ਇਸੇ ਤਰਾਂ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਤੋਂ ਕੋਈ ਵੀ ਸੇਵਾ ਉਸੇ ਵਿਅਕਤੀ ਨੂੰ ਮਿਲੇਗੀ ਜਿਸ ਨੇ ਮਾਸਕ ਪਾਇਆ ਹੋਵੇਗਾ। ਬਾਕੀ ਸਾਰੇ ਵਿਭਾਗ ਵੀ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ।
ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਡਾ:ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲੇ ਦੋ –ਤਿੰਨ ਦਿਨ ਕੋਵਿਡ ਦੀਆਂ ਹਦਾਇਤਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਉਪਰੰਤ ਮਾਸਕ ਨਾ ਪਾਉਣ ਵਾਲੇ ਜਾਂ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ। ਡਾ: ਗਿੱਲ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਵੈਕਸੀਨ ਦੀਆਂ ਦੋਵੇਂ ਡੋਜਾਂ ਜਰੂਰ ਲਗਵਾਉਣ।
ਇਹ ਹੁਕਮ 15 ਜਨਵਰੀ 2022 ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਉਲੰਘਣਾ ਕਰਨ ਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

English






