ਰਾਜ ਸਭਾ ਲਈ ‘ਆਪ’ ਨੇ ਐਲਾਨੇ ਪੰਜ ਉਮੀਦਵਾਰ

AAP announces five candidates for Rajya Sabha election
AAP announces five candidates for Rajya Sabha election
‘ਆਪ’ ਦੇ ਕੌਮੀ ਆਗੂ ਰਾਘਵ ਚੱਢਾ, ਚੋਣ ਰਣਨੀਤੀਕਾਰ ਸੰਦੀਪ ਪਾਠਕ, ਕ੍ਰਿਕਟਰ ਹਰਭਜਨ ਸਿੰਘ ਭੱਜੀ, ਐਲ.ਪੀ.ਯੂ ਦੇ ਚਾਂਸਲਰ ਅਸ਼ੋਕ ਮਿਤਲ ਅਤੇ ਉਦਯੋਗਪਤੀ ਸੰਜੀਵ ਅਰੋੜਾ ਜਾਣਗੇ ਰਾਜ ਸਭਾ
ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜਰੀ ਵਿੱਚ ਸਾਰੇ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ਚੰਡੀਗੜ੍ਹ,  21 ਮਾਰਚ 2022

ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜਰੀ ਵਿੱਚ ਐਲਾਨੇ ਗਏ ਉਮੀਦਵਾਰਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ, ‘ਆਪ’ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ, ਚੋਣ ਰਣਨੀਤੀਕਾਰ ਸੰਦੀਪ ਪਾਠਕ, ਦੇਸ਼ ਦੀ ਪ੍ਰਸਿੱਧ ਯੂਨੀਵਰਸਿਟੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ) ਦੇ ਚਾਂਸਲਰ ਅਸ਼ੋਕ ਮਿਤਲ ਅਤੇ ਲੁਧਿਆਣਾ ਦੇ ਉਦਯੋਗਪਤੀ ਸੰਜੀਵ ਅਰੋੜਾ ਨੇ ਪੰਜਾਬ ਵਿਧਾਨ ਸਭਾ ਵਿੱਚ ਰਾਜ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਭਰੇ।

ਹੋਰ ਪੜ੍ਹੋ :-ਵਿਧਾਇਕ ਦਿਨੇਸ਼ ਚੱਢਾ ਨੇ ਐਮ.ਡੀ., ਪੀ.ਐਚ.ਐਸ.ਸੀ ਨੂੰ 108 ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਵਿੱਚ ਲਾਪਰਵਾਹੀ ਲਈ ਮੈਸਰਜ਼ ਜ਼ਿਕਿਤਜ਼ਾ ਹੈਲਥ ਕੇਅਰ ਲਿਮਟਿਡ ਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਅਤੇ ਪਾਰਟੀ ਦੇ 92 ਉਮੀਦਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ।  ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਅਤੇ ਅੰਕੜਿਆਂ ਅਨੁਸਾਰ ‘ਆਪ’ ਦੇ ਸਾਰੇ ਪੰਜੇ ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਨਿਸ਼ਚਿਤ ਹੈ। ਰਾਜ ਸਭਾ ਲਈ ਉਮੀਦਵਾਰ ਰਾਘਵ ਚੱਢਾ, ਜਿਹੜੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਸਹਿ ਪ੍ਰਭਾਰੀ ਹਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਾਫ਼ੀ ਭਰੋਸੇਮੰਦ ਹਨ। ਵਿਸ਼ਵ ਪ੍ਰਸਿੱਧ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਪੜ੍ਹੇ ਰਾਘਵ ਚੱਢਾ ਨੂੰ ਪਾਰਟੀ ਵੱਲੋਂ ਸਭ ਤੋਂ ਘੱਟ ਉਮਰ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਸੀ। 2020 ‘ਚ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਰਾਘਵ ਚੱਢਾ ਨੇ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਹ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਵੀ ਹਨ ਅਤੇ ਪੰਜਾਬ ‘ਚ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਰਣਨੀਤੀਕਾਰਾਂ ਵਿੱਚੋਂ ਇੱਕ ਹਨ।

ਸੰਦੀਪ ਪਾਠਕ, ਪੰਜਾਬ ਵਿਧਾਨ  ਚੋਣਾ ਵਿੱਚ ਪਾਰਟੀ ਦੇ ਚਾਣਕਿਆ ਦੀ ਭੂਮਿਕਾ ਵਿੱਚ ਰਹੇ ਹਨ। ਸੰਦੀਪ ਪਾਠਕ ਨੇ ਕੈਂਬ੍ਰਿਜ ਯੂਨੀਵਰਸਿਟੀ, ਇੰਗਲੈਂਡ ਤੋਂ ਪੀ.ਐਚ.ਡੀ ਕੀਤੀ ਹੈ ਅਤੇ ਉਹ ਆਈ.ਆਈ.ਟੀ ਦਿੱਲੀ ‘ਚ ਐਸੋਸੀਏਟ ਪ੍ਰੋਫ਼ੈਸਰ ਰਹੇ ਹਨ। ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪਾਠਕ ਪਾਰਟੀ ‘ਚ ਸ਼ਾਮਲ ਹੋਏ ਅਤੇ ਉਹ ਕਈ ਸਾਲਾਂ ਤੋਂ ਪਰਦੇ ਦੇ ਪਿੱਛੇ ਰਹਿ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਪਾਠਕ ਨੇ ਹੀ ਪੂਰੇ ਪੰਜਾਬ ਵਿੱਚ ਪਾਰਟੀ ਦਾ ਮਜ਼ਬੂਤ ਸੰਗਠਨ ਤਿਆਰ ਕੀਤਾ ਅਤੇ 2022 ਵਿਧਾਨ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ  ਦੀ ਵੱਡੀ ਜਿੱਤ ਦੀ ਰਣਨੀਤੀ ਤਿਆਰ ਕੀਤੀ। ਵਿਗਿਆਨਿਕ  ਤਰੀਕੇ ਨਾਲ ਸਹੀ ਅਤੇ ਸਟੀਕ ਚੋਣ ਸਰਵੇਖਣ ਕਰਕੇ ਅਤੇ ਚੰਗੇ ਉਮੀਦਵਾਰਾਂ ਦੀ ਚੋਣ ਕਰਕੇ ਪਾਠਕ ਨੇ ਪਰਦੇ ਦੇ ਪਿੱਛੇ ਰਹਿ ਕੇ ਪੰਜਾਬ ਵਿੱਚ ਪਾਰਟੀ ਦੀ ਇਤਿਹਾਸਕ ਜਿੱਤ ਦੀ ਪਟਕਥਾ ਤਿਆਰ ਕੀਤੀ।

ਮਸ਼ਹੂਰ ਕ੍ਰਿਕਟਰ ਅਤੇ ਭਾਰਤ ਦੇ ਸਭ ਤੋਂ ਸਫ਼ਲ ਆਫ਼ ਸਪਿਨ ਗੇਂਦਬਾਜ਼ ਹਰਭਜਨ ਸਿੰਘ ਭੱਜੀ ਨੇ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਕੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਭਰਿਆ। ਹਰਭਜਨ ਸਿੰਘ 1998 ਤੋਂ 2016 ਤੱਕ ਭਾਰਤੀ ਕ੍ਰਿਕਟ ਟੀਮ ਲਈ ਖੇਡੇ ਅਤੇ ਆਪਣੀ ਅਦਭੁਤ ਗੇਂਦਬਾਜੀ ਨਾਲ ਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ। ਸਿੰਘ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਟੀਮ ਦੇ ਕਪਤਾਨ ਸਨ ਅਤੇ ਉਹ ਕਿੰਗਜ਼ ਇਲੈਵਨ ਪੰਜਾਬ ਦੇ ਵੀ ਕਪਤਾਨ ਰਹੇ ਸਨ। ਆਪਣੀ ਅਦਭੁਤ ਖੇਡ ਲਈ ਹਰਭਜਨ ਸਿੰਘ ਨੂੰ ਦੇਸ਼ ਦੇ ਪ੍ਰਸਿੱਧ ਖੇਲ ਰਤਨ ਸਨਮਾਨ ਅਰਜੁਨ ਅਵਾਰਡ ਅਤੇ ਪਦਮ ਸ੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਚਾਂਸਲਰ ਅਸ਼ੋਕ ਮਿਤਲ ਨੂੰ ਵੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਆਪਣਾ ਉਮੀਦਵਾਰ ਬਣਾਇਆ ਹੈ। ਮਿਤਲ ਉਚ ਸਿੱਖਿਆ ਦੇ ਖੇਤਰ ‘ਚ ਆਪਣੇ ਪ੍ਰਸੰਸਾਯੋਗ ਕੰਮਾਂ ਅਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ। ਆਮ ਪਰਿਵਾਰ ‘ਚ ਜੰਮੇਂ ਅਸ਼ੋਕ ਮਿਤਲ ਨੇ ਆਪਣੀ ਮਿਹਨਤ ਅਤੇ ਯੋਗਤਾ ਦੇ ਦਮ ‘ਤੇ ਸਫ਼ਲਤਾ ਹਾਸਲ ਕੀਤੀ ਅਤੇ ਵੱਡਾ ਮੁਕਾਮ ਹਾਸਲ ਕੀਤਾ। ਪੰਜਾਬ ਦੇ ਸਿੱਖਿਆ ਖੇਤਰ ‘ਚ ਯੋਗਦਾਨ ਪਾਉਣ ਲਈ ਉਨ੍ਹਾਂ ਜਲੰਧਰ ‘ਚ ਦੇਸ਼ ਦੀ ਪ੍ਰਸਿੱਧ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ) ਦੀ ਸਥਾਪਨਾ ਕੀਤੀ। ਐਲ.ਪੀ.ਯੂ ਭਾਰਤ ਦੀਆਂ ਸਭ ਤੋਂ ਪ੍ਰਸਿੱਧ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਅਤੇ ਇੱਥੇ 50 ਤੋਂ ਜ਼ਿਆਦਾ ਮੁਲਕਾਂ ਦੇ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ।

ਲੁਧਿਆਣਾ ਦੇ ਵੱਡੇ ਉਦਯੋਗਪਤੀਆਂ ਵਿਚੋਂ ਇੱਕ ਸੰਜੀਵ ਅਰੋੜਾ ਵੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਜਾਣਗੇ। ਸੰਜੀਵ ਅਰੋੜਾ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦੇ ਹਨ। ਆਪਣੇ ਮਾਤਾ ਪਿਤਾ ਦੇ ਕੈਂਸਰ ਕਾਰਨ ਜਾਨ ਗੁਆ ਦੇਣ ਤੋਂ ਬਾਅਦ ਉਨ੍ਹਾਂ ਚੈਰੀਟੇਬਲ ਟਰੱਸਟ ਸਥਾਪਤ ਕੀਤਾ ਅਤੇ 160 ਤੋਂ ਜ਼ਿਆਦਾ ਕੈਂਸਰ ਰੋਗੀਆਂ ਦਾ ਮੁਫ਼ਤ ਇਲਾਜ ਕਰਵਾਇਆ। ਸੰਜੀਵ ਅਰੋੜਾ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੀ ਗਵਰਨਿੰਗ ਬਾਡੀ ਦੇ ਮੈਂਬਰ ਹਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਪੈਕਸ ਕਾਊਂਸਲ ਦੇ ਮੈਂਬਰ ਵੀ ਹਨ।