ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬਲੇਰ ਖੁਰਦ, ਆਸਲ ਉਤਾੜ, ਭੁੱਚਰ ਕਲਾਂ, ਬੋਪਾਰਾਏ, ਨੱਥੂਪੁਰ, ਗਲਾਲੀਪੁਰ, ਕੰਗ ਅਤੇ ਦਿਲਾਵਲਪੁਰ ਵਿੱਚ ਤਿਆਰ ਕੀਤੇੇ ਜਾਣਗੇ ਖੇਡ ਦੇ ਮੈਦਾਨ
ਤਰਨ ਤਾਰਨ, 2 ਅਕਤੂਬਰ
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ ਜ਼ਿਲੇ੍ਹ ਦੇ 8 ਖੇਡ ਮੈਦਾਨਾਂ ਦਾ ਡਿਜ਼ੀਟਲ ਤਰੀਕੇ ਨਾਲ ਨੀਂਹ ਪੱਥਰ ਰੱਖਿਆ। ਵਰਨਣਯੋਗ ਹੈ ਕਿ ਇਸ ਆੱਨਲਾਈਨ ਸਮਾਗਮ ਦੌਰਾਨ ਮੁੱਖ ਮੰਤਰੀ ਵੱਲੋਂ ਰਾਜ ਭਰ ਵਿੱਚ 150 ਖੇਡ ਮੈਦਾਨਾਂ ਦਾ ਡਿਜ਼ੀਟਲ ਤਰੀਕੇ ਰਾਹੀਂ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਸਬੰਧਤ ਪਿੰਡਾਂ ਦੇ ਲੋਕਾਂ ਨਾਲ ਆੱਨਲਾਈਨ ਸੰਵਾਦ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਦਾ ਉਦੇਸ਼ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਸਾਡੇ ਨੌਜਵਾਨ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚ ਸਕਨ। ਉਨਾਂ ਨੇ ਕਿਹਾ ਕਿ ਸਰਕਾਰ ਨੇ ਰਾਜ ਵਿਚੋਂ ਨਸ਼ਿਆਂ ਦਾ ਲੱਕ ਤੋੜ ਦਿੱਤਾ ਹੈ ਅਤੇ ਹੁਣ ਨੌਜਵਾਨਾਂ ਨੂੰ ਸਾਰਥਕ ਗਤੀਵਿਧੀਆਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਇਸ ਸਾਲ ਰਾਜ ਦੇ 750 ਪਿੰਡਾਂ ਵਿਚ 105 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ‘ਤੇ ਪੰਜਾਬ ਸਰਕਾਰ ਵਿਸ਼ੇਸ਼ ਜੋਰ ਦੇ ਰਹੀ ਹੈ।
ਇਸ ਮੌਕੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇੰਨਾਂ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਤੋਂ ਰਾਜ ਦੇ ਕਿਸਾਨਾਂ ਦੀ ਰਾਖੀ ਲਈ ਹਰ ਕਾਨੂੰਨੀ ਤਰੀਕਾ ਅਪਨਾਏਗੀ।
ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਵੇਲੇ ਸਾਨੂੰ ਪਿੰਡਾਂ ਦੀ ਵਿਰਾਸਤ ਸੰਭਾਲਣ ਦੀ ਜ਼ਰੂਰਤ ਹੈ। ਉਨਾਂ ਨੇ ਸੱਦਾ ਦਿੱਤਾ ਕਿ ਆਓ ਸਾਰੇ ਮਿਲ ਕੇ ਪੰਜਾਬ ਨੂੰ ਖੇਡਦਾ ਪੰਜਾਬ ਬਣਾਈਏ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਹ ਸਟੇਡੀਅਮ ਮਗਨਰੇਗਾ ਸਕੀਮ ਤਹਿਤ ਤਿਆਰ ਕੀਤੇ ਜਾ ਰਹੇ ਹਨ ਅਤੇ ਇੰਨਾਂ ਵਿਚ ਲੋੜੀਂਦਾ ਖੇਡਾਂ ਦਾ ਸਮਾਨ ਵੀ ਸੂਬਾ ਸਰਕਾਰ ਵੱਲੋਂ ਮੁਹਈਆ ਕਰਵਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਉਪਲਬੱਧ ਸਥਾਨ ਦੇ ਅਧਾਰ ਤੇ 1 ਏਕੜ, 2 ਏਕੜ ਅਤੇ 4 ਏਕੜ ਵਿਚ ਇਹ ਸਟੇਡੀਅਮ ਬਣਾਏ ਜਾ ਰਹੇ ਹਨ । ਇੰਨਾਂ ਵਿਚ ਸੋਲਰ ਲਾਈਟਾਂ ਤੋਂ ਇਲਾਵਾ ਵੱਖ ਵੱਖ ਖੇਡਾਂ ਦੇ ਮੈਦਾਨ ਅਤੇ ਓਪਨ ਜਿੰਮ ਵੀ ਲਗਾਏ ਜਾਣਗੇ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਦੱਸਿਆ ਕਿ ਸੂਬਾ ਸਰਕਾਰ ਪੇਂਡੂ ਵਿਕਾਸ ਲਈ ਪ੍ਰਤੀਬੱਧ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਜ਼ਿਲੇ ਦੇ 8 ਬਲਾਕਾਂ ਵਿਚ 8 ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਭਿੱਖੀਵਿੰਡ ਦੇ ਪਿੰਡ ਬਲੇਰ ਖੁਰਦ, ਬਲਾਕ ਵਲਟੋਹਾ ਦੇ ਪਿੰਡ ਆਸਲ ਉਤਾੜ, ਬਲਾਕ ਗੰਡੀਵਿੰਡ ਦੇ ਪਿੰਡ ਭੁੱਚਰ ਕਲਾਂ, ਬਲਾਕ ਪੱਟੀ ਦੇ ਪਿੰਡ ਬੋਪਾਰਾਏ, ਬਲਾਕ ਨੌਸ਼ਹਿਰਾ ਪੰਨੂਆਂ ਦੇ ਪਿੰਡ ਨੱਥੂਪੁਰ, ਬਲਾਕ ਤਰਨ ਤਾਰਨ ਦੇ ਪਿੰਡ ਗਲਾਲੀਪੁਰ, ਬਲਾਕ ਖਡੂਰ ਸਾਹਿਬ ਦੇ ਪਿੰਡ ਕੰਗ ਅਤੇ ਬਲਾਕ ਚੋਹਲਾ ਸਾਹਿਬ ਦੇ ਪਿੰਡ ਦਿਲਾਵਲਪੁਰ ਵਿੱਚ ਖੇਡ ਮੈਦਾਨ ਤਿਆਰ ਕੀਤੇੇ ਜਾਣਗੇ।ਇਸ ਤੋਂ ਇਲਾਵਾ ਜ਼ਿਲ੍ਹਾ ਤਰਨ ਤਾਰਨ ਵਿੱਚ 80 ਹੋਰ ਖੇਡ ਦੇ ਮੈਦਾਨ ਤਿਆਰ ਕਰਨ ਦੀ ਯੋਜਨਾ ਹੈ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਇੰਨਾਂ ਖੇਡ ਮੈਦਾਨਾਂ ਦਾ ਨਿਰਮਾਣ 6 ਮਹੀਨੇ ਵਿਚ ਮੁਕੰਮਲ ਕਰ ਲਿਆ ਜਾਵੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਜਗਤਾਰ ਸਿੰਘ ਬੁਰਜ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।
ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਸਮੂਹ ਅਫ਼ਸਰਾਂ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਦੇ ਮੌਕੇ ‘ਤੇ ਉਹਨਾਂ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ਼ ਭੇਂਟ ਕੀਤੇ ਗਏ।

English






