ਵਿਧਾਇਕ ਭੋਲਾ ਵੱਲੋਂ ਹਲਕਾ ਪੂਰਬੀ ‘ਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ

-ਕਿਹਾ! ਸੂਬਾ ਸਰਕਾਰ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ
ਲੁਧਿਆਣਾ, 16 ਅਗਸਤ (000) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਸਥਾਨਕ ਫੋਕਲ ਪੁਆਇੰਟ ਸਥਿਤ ਪੀ.ਐਸ.ਪੀ.ਐਲ. ਦਫ਼ਤਰ ਦੀ ਇਮਾਰਤ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋ ਆਮ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਬੂਰ ਪਿਆ ਹੈ ਜਿਸ ਤਹਿਤ ਬੀਤੇ ਕੱਲ 15 ਅਗਸਤ, 2022 ਨੂੰ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚ 75 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਵਧੀਆ ਇਲਾਜ਼ ਮਿਲ ਸਕੇ।
ਵਿਧਾਇਕ ਭੋਲਾ ਵੱਲੋ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਸੂਬੇ ਵਿੱਚ ਸ. ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ-ਇੱਕ ਕਰਕੇ ਇਨ੍ਹਾਂ ਆਦਮੀ ਕਲੀਨਿਕਾਂ ਵਿੱਚ ਇਜ਼ਾਫਾ ਕੀਤਾ ਜਾਵੇਗਾ ਅਤੇ ਇਨ੍ਹਾਂ ਕਲੀਨਿਕਾਂ ਦੇ ਸ਼ੁਰੂ ਹੋ ਜਾਣ ਦੇ ਨਾਲ ਆਮ ਲੋਕਾਂ ਨੂੰ ਛੋਟੇ ਇਲਾਜ਼ਾ ਦੇ ਲਈ ਦੂਰ ਦੁਰਾਡੇ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਦਾ ਇਲਾਜ਼ ਨੇੜੇ ਬਣੇ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਫੇਜ਼ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੁੱਲ 9 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ ਜ਼ਿਨ੍ਹਾਂ ਵਿੱਚ ਲੁਧਿਆਣਾ ਲੋਕਲ ਵਿੱਚ 6 ਕਲੀਨਿਕ ਸ਼ਾਮਲ ਹਨ।