ਜ਼ਿਲਾ ਬਰਨਾਲਾ ਵਿਚ ਪਾਣੀ ਦੇ ਪੱਧਰ ’ਚ ਸੁਧਾਰ ਲਈ ਮੁਹਿੰਮ ਜ਼ੋਰਾਂ ’ਤੇ

—137 ਸਕੂਲਾਂ ’ਚ ਰੂਫਟੌਪ ਹਾਰਵੈਸਟਿੰਗ ਰੀਚਾਰਜ ਪਿਟਸ ਦਾ ਕੰਮ ਮੁਕੰਮਲ, 58 ’ਚ ਜਾਰੀ: ਡਿਪਟੀ ਕਮਿਸ਼ਨਰ
—ਕਿਹਾ, ਜਲ ਸੰਭਾਲ ਲਈ ਜ਼ਿਲਾ ਬਰਨਾਲਾ ਦੇ ਸਾਰੇ ਸਰਕਾਰੀ ਸਕੂਲਾਂ ’ਚ ਬਣਨਗੇ ਰੀਚਾਰਜ ਪਿਟਸ
ਬਰਨਾਲਾ, 6 ਸਤੰਬਰ :-  
ਪਾਣੀ ਦੇ ਦਿਨੋਂ ਦਿਨ ਡੂੰਘੇ ਹੁੰਦੇ ਜਾ ਰਹੇ ਪੱਧਰ ਨੂੰ ਉਪਰ ਚੁੱਕਣ ਲਈ ਜ਼ਿਲਾ ਬਰਨਾਲਾ ’ਚ ਜਲ ਸ਼ਕਤੀ ਅਭਿਆਨ ਤਹਿਤ ਮੀਂਹ ਦੇ ਪਾਣੀ ਦੀ ਸੰਭਾਲ ਲਈ ਮੁਹਿੰਮ ਜ਼ੋਰਾਂ ’ਤੇ ਹੈ। ਇਸ ਮੁਹਿੰਮ ਤਹਿਤ ਜ਼ਿਲੇ ਦੇ ਸਕੂਲਾਂ ਵਿਚ ਰੂਫ ਟੌਪ ਰੇਨਵਾਟਰ ਰੀਚਾਰਜ ਪਿਟਸ ਦਾ ਪ੍ਰਾਜੈਕਟ ਚੱਲ ਰਿਹਾ ਹੈ ਤਾਂ ਜੋ ਛੱਤ ਵਾਲਾ ਮੀਂਹ ਦਾ ਪਾਣੀ ਧਰਤੀ ਹੇਠਾਂ ਰੀਚਾਰਜ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਜ਼ਿਲੇ ਦੇ 56 ਸਰਕਾਰੀ ਪ੍ਰਾਇਮਰੀ ਸਕੂਲਾਂ ’ਚ, 50 ਸੀ
ਨੀਅਰ ਸੈਕੰਡਰੀ ਸਕੂਲਾਂ ’ਚ ਤੇ 31 ਪ੍ਰਾਈਵੇਟ ਸਕੂਲਾਂ ’ਚ ਭਾਵ ਕੁੱਲ 137 ਸਕੂਲਾਂ ’ਚ ਇਸ ਪ੍ਰਾਜੈਕਟ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਜਦੋਂ 26 ਪ੍ਰਾਇਮਰੀ ਸਕੂਲਾਂ, 10 ਸੀਨੀਅਰ ਸੈਕੰਡਰੀ ਸਕੂਲਾਂ ਤੇ 22 ਪ੍ਰਾਈਵੇਟ ਸਕੂਲਾਂ (ਕੁੱਲ 58 ਸਕੂਲਾਂ) ’ਚ ਕੰਮ ਪ੍ਰਗਤੀ ਅਧੀਨ ਹੈ। ਉਨਾਂ ਦੱਸਿਆ ਕਿ ਕਰੀਬ 169 ਸਕੂਲਾਂ ਵਿਚ ਕੰਮ ਅਜੇ ਸ਼ੁਰੂ ਨਹੀਂ ਹੋਇਆ, ਜਿਸ ਨੂੰ ਪੜਾਅਵਾਰ ਜਲਦੀ ਹੀ ਸ਼ੁਰੂ ਕੀਤਾ ਜਾਵੇਗੀ। ਇਸ ਨਾਲ ਜ਼ਿਲੇ ਦੇ ਸਾਰੇ ਸਕੂਲਾਂ ਨੂੰ ਤਾਂ ਰੂਫ ਟੌਪ ਰੇਨਵਾਟਰ ਹਾਰਵੈਸਟਿੰਗ ਸਿਸਟਮ ਨਾਲ ਜੋੜਿਆ ਹੀ ਜਾਵੇਗਾ, ਬਲਕਿ ਪ੍ਰਾਈਵੇਟ ਸਕੂਲਾਂ ’ਚ ਵੀ ਕੰਮ ਚੱਲ ਰਿਹਾ ਹੈ ਅਤੇ ਰਹਿੰਦੇ ਪ੍ਰਾਈਵੇਟ ਸਕੂਲਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਜ਼ਿਲਾ ਬਰਨਾਲਾ ਦੇ ਪਾਣੀ ਦੇ ਪੱਧਰ ਵਿਚ ਸੁਧਾਰ ਲਿਆਂਦਾ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਰੂਫ ਟੌਪ ਹਾਰਵੈਸਟਿੰੰਗ ਸਿਸਟਮ ਤਹਿਤ 40 ਦੇ ਕਰੀਬ ਸਕੂਲਾਂ ਦੇ ਕੰਮ ਮਗਨਰੇਗਾ ਤਹਿਤ ਕਰਵਾਏ ਜਾ ਰਹੇ ਹਨ, ਜੋ ਕਿ ਪ੍ਰਗਤੀ ਅਧੀਨ ਹਨ। ਉਨਾਂ ਦੱਸਿਆ ਕਿ ਵਾਤਾਵਰਣ ਸੰਭਾਲ ਲਈ ਪਾਣੀ ਸੰਭਾਲ ਦੇ ਨਾਲ ਨਾਲ ਪਲਾਂਟੇਸ਼ਨ ਮੁਹਿੰਮ ਵੀ ਜ਼ੋਰਾਂ ’ਤੇ ਹੈ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਕੂਲਾਂ ਵਿਚ ਇਹ ਪ੍ਰਾਜੈਕਟ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਪਹਿਲਾਂ 3  ੪  ਫੁੱਟ ਦੀ ਹੌਦੀ ਬਣਾਈ ਜਾਂਦੀ ਹੈ, ਜਿਸ ਤੋਂ ਅੱਗੇ ਧਰਤੀ ਹੇਠਲੇ ਕੁਲੈਕਸ਼ਨ ਚੈਂਬਰ ’ਚ ਪਾਣੀ ਜਾਂਦਾ ਹੈ। ਡਿੱਗੀ ਅਤੇ ਕੁਲੈਕਸ਼ਨ ਚੈਂਬਰ ਵਿਚਾਲੇ ਜਾਲੀ ਲਗਾਈ ਜਾਂਦੀ ਹੈ ਤਾਂ ਜੋ ਕਿਸੇ ਤਰਾਂ ਦਾ ਕੂੜਾ ਪਾਣੀ ਵਿਚ ਨਾ ਜਾ ਸਕੇ। ਚੈਂਬਰ ਅੰਦਰੋਂ ਪਾਈਪ ਰਾਹੀਂ ਪਾਣੀ ਧਰਤੀ ਹੇਠਾਂ ਜਾਂਦਾ ਹੈ। ਉਨਾਂ ਕਿਹਾ ਕਿ ਸਕੂਲਾਂ ਵਿੱਚ ਇਸ ਪ੍ਰਾਜੈਕਟ ਨਾਲ ਜਿੱਥੇ ਮੀਂਹ ਦਾ ਪਾਣੀ ਜਾਇਆ ਹੋਣ ਤੋਂ ਬਚਾਇਆ ਜਾ ਸਕੇਗਾ, ਉਥੇ ਵਿਦਿਆਰਥੀਆਂ ਨੂੰ ਵੀ ਪਾਣੀ ਸੰਭਾਲ ਦਾ ਸੁਨੇਹਾ ਮਿਲੇਗਾ।