ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸ੍ਰੀ ਚਮਕੌਰ ਸਾਹਿਬ ਵਿਖੇ ਬਲਾਕ ਪੱਧਰੀ ਮੁਕਾਬਲੇ ਸੰਪੰਨ

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸ੍ਰੀ ਚਮਕੌਰ ਸਾਹਿਬ ਵਿਖੇ ਬਲਾਕ ਪੱਧਰੀ ਮੁਕਾਬਲੇ ਸੰਪੰਨ
— ਐਸ.ਡੀ.ਐਮ. ਅਮਰੀਕ ਸਿੰਘ ਸਿੱਧੂ ਨੇ ਕੀਤਾ ਜੇਤੂ ਖਿਡਾਰੀਆਂ ਦਾ ਸਨਮਾਨ
ਸ੍ਰੀ ਚਮਕੌਰ ਸਾਹਿਬ, 07 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਇੱਥੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖਾਲਸਾ ਸਟੇਡੀਅਮ ਵਿੱਚ ਕਰਵਾਏ ਬਲਾਕ ਪੱਧਰੀ ਖੇਡ ਮੁਕਾਬਲੇ ਸੰਪੰਨ ਹੋ ਗਏ। ਇਸ ਮੌਕੇ ਐਸ.ਡੀ.ਐਮ. ਅਮਰੀਕ ਸਿੰਘ ਸਿੱਧੂ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ।  ਨੌਜਵਾਨਾਂ ਨੂੰ ਖੇਡ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਸਿਹਤਮੰਦ ਰੱਖਣ ਦੇ ਮਕਸਦ ਦੇ ਨਾਲ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।
ਖੇਡਾਂ ਨਾਲ ਜਿੱਥੇ ਖਿਡਾਰੀ ਦਾ ਸਰੀਰ ਮਜ਼ਬੂਤ ਹੁੰਦਾ ਹੈ, ਉਥੇ ਉਹ ਮਾਨਸਿਕ ਰੂਪ ਵਿੱਚ ਮਜ਼ਬੂਤ ਹੁੰਦਾ ਹੈ ਤੇ ਉਸ ਵਿੱਚ ਹੋਰਨਾਂ ਵਿਅਕਤੀਆਂ ਦੇ ਮੁਕਾਬਲੇ ਹਰ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਦੀ ਸਮਰੱਥਾ ਵੱਧ ਜਾਂਦੀ ਹੈ। ਇਸ ਦੇ ਨਾਲ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਖੇਡਾਂ ਸਦਕਾ ਵੱਧਦੀ ਹੈ। ਇਨ੍ਹਾਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਵੱਲੋਂ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਦੇ ਰੂਪ ਵਿਚ ਵੱਖਰਾ ਮੌਕਾ ਦਿੱਤਾ ਗਿਆ ਹੈ ਤੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਸ਼ਿਆਂ ਤੋਂ ਬਚਾਅ ਲਈ ਨੌਜਵਾਨਾਂ ਨੂੰ ਸੁਚੱਜੀ ਸੇਧ ਦੇਣ ਦੀ ਬਹੁਤ ਲੋੜ ਸੀ। ਉਹਨਾਂ ਨੇ ਜੇਤੂਆਂ ਦੇ ਨਾਲ ਨਾਲ ਹਿੱਸਾ ਲੈਣ ਵਾਲੇ ਹਰ ਖਿਡਾਰੀ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ।
ਐਸ.ਡੀ.ਐਮ. ਅਮਰੀਕ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਜਿੱਥੇ ਖਿਡਾਰੀਆਂ ਨੇ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਮੱਲਾਂ ਮਾਰੀਆਂ, ਉੱਥੇ ਪਰਬੰਧਾਂ ਵਿਚ ਲੱਗੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਅਧਿਆਪਕਾਂ ਨੇ ਇਹਨਾਂ ਬਲਾਕ ਪੱਧਰੀ ਖੇਡਾਂ ਦੀ ਸਫ਼ਲਤਾ ਵਿਚ ਅਹਿਮ ਯੋਗਦਾਨ ਪਾਇਆ ਹੈ ਤੇ ਉਹ ਸਾਰੇ ਵਧਾਈ ਦੇ ਪਾਤਰ ਹਨ।
ਅੱਜ ਹੋਏ ਮੁਕਾਬਲਿਆਂ ਵਿੱਚ ਕਬੱਡੀ ਦੇ ਲੜਕਿਆਂ ਦੇ ਅੰਡਰ -17 ਵਰਗ ਵਿੱਚ ਪਹਿਲਾ ਸਥਾਨ ਖਾਲਸਾ ਪਬਲਿਕ ਸਕੂਲ, ਜੰਡ ਸਾਹਿਬ ਦੀ ਟੀਮ ਨੇ ਅਤੇ ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਾਫਿਜ਼ਾਬਾਦ ਦੀ ਟੀਮ ਨੇ ਹਾਸਿਲ ਕੀਤਾ।
ਰੱਸਾਕਸ਼ੀ ਦੀ ਖੇਡ ਵਿੱਚ ਲੜਕੇ ਵਰਗ 21 ਤੋਂ 40 ਵਿੱਚ ਪਹਿਲਾ ਸਥਾਨ ਪਿੰਡ ਸੰਧੂਆਂ ਦੀ ਟੀਮ ਅਤੇ ਦੂਜਾ ਸਥਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਨੇ ਪ੍ਰਾਪਤ ਕੀਤਾ।