ਬਲੈਕ-ਸਟ੍ਰੀਕਡ ਬੌਣਾ ਵਾਇਰਸ ਬਿਮਾਰੀ ਦੇ ਹਮਲੇ ਬਾਰੇ ਕਿਸਾਨਾਂ ਨੂੰ  ਕੀਤਾ ਜਾ ਰਿਹਾ ਹੈ ਜਾਗਰੂਕ  : ਖੇਤੀਬਾੜੀ ਅਫਸਰ

ਬਲੈਕ-ਸਟ੍ਰੀਕਡ ਬੌਣਾ ਵਾਇਰਸ ਬਿਮਾਰੀ ਦੇ ਹਮਲੇ ਬਾਰੇ ਕਿਸਾਨਾਂ ਨੂੰ  ਕੀਤਾ ਜਾ ਰਿਹਾ ਹੈ ਜਾਗਰੂਕ  : ਖੇਤੀਬਾੜੀ ਅਫਸਰ
ਐਸ.ਏ.ਐਸ ਨਗਰ 7 ਸਤੰਬਰ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਬਲਾਕ ਮਾਜਰੀ ਦੀ ਟੀਮ ਵੱਲੋ ਕਿਸਾਨਾਂ ਨੂੰ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਝੋਨੇ ਦੀ ਫਸਲ ਤੇ ਬੇਲੋੜੀ ਖੇਤੀ ਸਮੱਗਰੀ ਦੀ ਵਰਤੋਂ ਕਿਸੇ ਦੇ ਕਹਿਣ ਤੇ ਜਾਂ ਦੇਖੋ ਦੇਖੀ ਨਾ ਕੀਤੀ ਜਾਵੇ। ਪਿੰਡ ਫਤਿਹਗੜ੍ਹ ਵਿਖੇ ਕਿਸਾਨ ਨਰਿੰਦਰਜੀਤ ਸਿੰਘ ਸਰਪੰਚ ਵੱਲੋ  ਬੀਜੀ ਝੋਨੇ ਦੀ ਸਿੱਧੀ ਬਿਜਾਈ ਦੇ ਖੇਤਾਂ ਦਾ ਨਿਰੀਖਣ ਕਰਦੇ ਹੋਏ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਝੋਨੇ ਦੇ ਬੂਟਿਆਂ ਦੇ ਮੱਧਰੇ ਅਤੇ ਪੀਲੇ ਹੋਣ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਜਾਹਿਰ ਕੀਤਾ ਹੈ ਕਿ ਇਹ ਬੌਣਾ ਵਾਇਰਸ ਝੋਨੇ ਦੇ ਬੂਟਿਆਂ ਦੇ ਮੱਧਰੇ ਰਹਿਣ ਪਿੱਛੇ ਅਸਲ ਕਾਰਨ ਹੈ ਅਤੇ ਇਸ ਬਿਮਾਰੀ ਨੂੰ ਫੈਲਾਉਣ ਵਾਲਾ ਵੈਕਟਰ ਚਿੱਟੀ ਪਿੱਠ ਵਾਲਾ ਟਿੱਡਾ ਹੈ ਕਿਉਂਕਿ ਇਸ ਵਾਇਰਸ ਬਿਮਾਰੀ ਦਾ ਕੋਈ ਇਲਾਜ ਨਹੀ ਹੈ।
ਇਸ ਵਾਇਰਸ ਦੀ ਰੋਕਥਾਮ ਲਈ ਕੁੱਝ ਜਰੂਰੀ ਉਪਾਅ ਕਰਨੇ ਜਰੂਰੀ ਹਨ। ਪੀ.ਏ.ਯੂ ਲੁਧਿਆਣਾ ਦੇ ਮਾਹਿਰਾਂ ਨੇ ਭਵਿੱਖ ਵਿੱਚ ਇਸ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ ਕਿਸਾਨ ਵੀਰ ਚਿੱਟੀ ਪਿੱਠ ਵਾਲੇ ਟਿੱਡੇ ਸਬੰਧੀ ਲਗਾਤਾਰ ਨਿਰੀਖਣ ਕਰਦੇ ਰਹਿਣ। ਜੇਕਰ ਇਹ ਟਿੱਡਾ ਝੋਨੇ ਦੀ ਫਸਲ ਤੇ ਮੌਜੂਦ ਹੋਇਆ ਤਾਂ ਇਹ ਟਿੱਡਾ ਪਾਣੀ ਉਪਰ ਤੈਰਦਾ ਹੋਇਆ ਨਜ਼ਰ ਆਵੇਗਾ। ਜੇਕਰ ਝੋਨੇ ਦੀ ਫਸਲ ਤੇ ਟਿੱਡਾ ਨਜ਼ਰ ਆਵੇ ਤਾਂ ਕਿਸਾਨ ਉਸ਼ੀਨ/ਟੋਕਨ 80 ਗ੍ਰਾਮ, ਚੈਂਸ 120 ਗ੍ਰਾਮ, ਪੈਕਸਾਲੋਨ 94 ਐਮ.ਐਲ ਅਤੇ ਏਕਾਲਕਸ 800 ਐਮ.ਐਲ ਦਾ ਸਪਰੇਅ 200 ਲੀਟਰ ਪਾਣੀ ਵਿੱਚ ਘੋਲ ਕੇ ਕੀਤਾ ਜਾਵੇ।
ਚੰਗੇ ਨਤੀਜੇ ਲੈਣ ਲਈ ਝੋਨੇ ਦੇ ਮੁੱਢ ਤੇ ਸਪਰੇਅ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਭਵਿੱਖ ਵਿੱਚ ਪੀ.ਏ.ਯੂ ਵੱਲੋ ਜਾਰੀ ਕੀਤੀਆਂ ਮਿਤੀਆਂ ਨੂੰ ਹੀ ਝੋਨਾ ਲਗਾਇਆ ਜਾਵੇ ਕਿਉਂਕਿ ਇਹ ਵੇਖਣ ਵਿੱਚ ਆਇਆ ਹੈ ਕਿ ਇਹ ਬਿਮਾਰੀ ਦਾ ਹਮਲਾ ਅਗੇਤੇ ਬੀਜੇ ਝੋਨੇ ਵਿੱਚ ਵੱਧ ਪਾਇਆ ਗਿਆ ਹੈ। ਇਹ ਵਾਇਰਸ ਦਾ ਹਮਲਾ ਸਾਰੀਆਂ ਕਿਸਮਾਂ ਤੇ ਵੇਖਿਆਂ ਗਿਆ ਹੈ, ਪਰ ਪੀ.ਆਰ 121 ਅਤੇ ਪੀ.ਆਰ 131 ਤੇ ਇਹ ਜਿਆਦਾ ਬੌਣਾ ਵਾਇਰਸ ਦਾ ਹਮਲਾ ਹੈ। ਇਸ ਮੌਕੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਪੀ.ਏ.ਯੂ ਦੁਆਰਾ ਦਿੱਤੀ ਗਈ ਮਿਤੀ ਤੇ ਝੋਨਾ ਲਾਉਣ ਨਾਲ ਨਾ ਸਿਰਫ ਇਸ ਬਿਮਾਰੀ ਤੋਂ ਬਚਿਆ ਜਾਵੇਗਾ ਬਲਕਿ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ।