”ਖੇਡਾਂ ਵਤਨ ਪੰਜਾਬ ਦੀਆਂ ਦਾ ਵਿਲੱਖਣ ਰੰਗ”: ਇੱਕੋ ਟੱਬਰ ਦੇ ਤਿੰਨ ਜੀਆਂ ਨੇ ਮਾਰੀਆਂ ਮੱਲਾਂ 

“ਖੇਡਾਂ ਵਤਨ ਪੰਜਾਬ ਦੀਆਂ ਦਾ ਵਿਲੱਖਣ ਰੰਗ”: ਇੱਕੋ ਟੱਬਰ ਦੇ ਤਿੰਨ ਜੀਆਂ ਨੇ ਮਾਰੀਆਂ ਮੱਲਾਂ 
ਰੂਪਨਗਰ, 21 ਸਤੰਬਰ:
“ਖੇਡਾਂ ਵਤਨ ਪੰਜਾਬ ਦੀਆਂ-2022” ਤਹਿਤ ਇੱਕ ਵਿਲੱਖਣ ਰੰਗ ਦੇਖਣ ਨੂੰ ਮਿਲਿਆ, ਜਦੋਂ ਇਕੋਂ ਪਰਿਵਾਰ ਦੇ ਤਿੰਨ ਮੈਂਬਰਾਂ ਵਲੋਂ ਖੇਡਾਂ ਵਿਚ ਹਿੱਸਾ ਲਿਆ ਗਿਆ ਤੇ ਮੱਲਾਂ ਮਾਰੀਆਂ ਗਈਆਂ।
ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੂਪਨਗਰ ਦੇ ਸ਼੍ਰੀ ਹਰਜਿੰਦਰ ਸਿੰਘ ਵੱਲੋਂ 400 ਮੀਟਰ ਦੌੜ ਓਪਨ ਵਰਗ ਵਿੱਚ ਭਾਗ ਲੈਂਦਿਆਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਦੇ ਨਾਲ ਹੀ ਲੰਬੀ ਛਾਲ ਵਿੱਚ ਭਾਗ ਲੈਂਦਿਆਂ ਬਲਾਕ ਪੱਧਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਲੰਬੀ ਛਾਲ ਦੇ ਵਿੱਚ ਵੀ ਭਾਗ ਲਿਆ।
ਹਰਜਿੰਦਰ ਸਿੰਘ ਦੀ ਪਤਨੀ ਸ਼੍ਰੀਮਤੀ ਕੁਲਬੀਰ ਕੌਰ ਨੇ ਬਲਾਕ ਪੱਧਰ ‘ਤੇ 100 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ, ਲੰਬੀ ਛਾਲ ਵਿੱਚ ਪਹਿਲਾ ਸਥਾਨ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਦੂਜਾ ਸਥਾਨ ਅਤੇ ਲੰਬੀ ਛਾਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਇਨ੍ਹਾਂ ਦੇ ਪੁੱਤਰ ਲਕਸ਼ਵੀਰ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕੈਕਿੰਗ ਕੈਨੋਇੰਗ ਖੇਡ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਤੇ ਸੂਬਾ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲਵੇਗਾ। ਉਸ ਨੇ
32ਵੀਂ ਕੈਕਿੰਗ ਕੈਨੋਇੰਗ ਸਬ-ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਹੈ। 8ਵੀਂ ਡਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਸੀਨੀਅਰ ਤੇ ਜੂਨੀਅਰ ਵਿੱਚ ਵੀ ਹਿੱਸਾ ਲੈ ਚੁੱਕਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਰਿਵਾਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਨਾਲ ਜਿੱਥੇ ਇਸ ਪਰਿਵਾਰ ਨੇ ਨਾਮਣਾ ਖੱਟਿਆ ਹੈ, ਓਥੇ ਇਹ ਪਰਿਵਾਰ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣਿਆ ਹੈ। ਉਹਨਾਂ ਅਪੀਲ ਕੀਤੀ ਕਿ ਇਸ ਪਰਿਵਾਰ ਤੋਂ ਸੇਧ ਲੈ ਕੇ ਹਰ ਇਕ ਇਨਸਾਨ ਨੂੰ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ।