ਸ. ਭਗਤ ਸਿੰਘ ਦੇ 115 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਾਈਕਲ ਰੈਲੀ ਪੂਰੇ ਜੋਸ਼ੋ-ਖਰੋਸ਼ ਨਾਲ ਕੱਢੀ ਗਈ

ਸ. ਭਗਤ ਸਿੰਘ ਦੇ 115 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਾਈਕਲ ਰੈਲੀ ਪੂਰੇ ਜੋਸ਼ੋ-ਖਰੋਸ਼ ਨਾਲ ਕੱਢੀ ਗਈ

  • ਫਾਜ਼ਿਲਕਾ ਖੇਡ ਸਟੇਡੀਅਮ ਦਾ ਨਾਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਰੱਖ ਕੇ ਕੀਤਾ ਹਲਕੇ ਦੇ ਲੋਕਾਂ ਨੂੰ ਸਮਰਪਿਤ
  • ਰੈਲੀ ਦਾ ਉਦੇਸ਼ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਦੇਣਾ ਅਤੇ ਨੌਜਵਾਨਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਮੁਲਕ ਬਣਾਉਣ ਲਈ ਪ੍ਰੇਰਿਤ ਕਰਨਾ ਹੈ-ਡਿਪਟੀ ਕਮਿਸ਼ਨਰ

ਫਾਜ਼ਿਲਕਾ 28 ਸਤੰਬਰ

ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵਲੋਂ ਆਜ਼ਾਦ ਹਿੰਦ ਪੈਡਲਰ ਕਲੱਬ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115 ਵੇਂ ਜਨਮ ਦਿਹਾੜੇ ਮੌਕੇ ਵਿਸ਼ਾਲ ਸਾਈਕਲ ਰੈਲੀ ਪੂਰੇ ਜੋਸ਼ੋ-ਖਰੋਸ਼ ਅਤੇ ਉਤਸ਼ਾਹ ਨਾਲ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਤੋਂ ਸ਼ਹੀਦੀ ਸਮਾਰਕ ਆਸਫ ਵਾਲਾ ਵਾਰ ਮੈਮੋਰੀਅਲ ਤੱਕ ਕੱਢੀ ਗਈ। ਇਸ ਰੈਲੀ ਵਿਚ ਵੱਖ ਵੱਖ ਸੰਸਥਾਵਾਂ ਦੇ ਵਿਦਿਆਰਥੀ ਅਤੇ ਐਨ.ਜੀ.ਓਜ਼ ਸਮੇਤ ਵੱਡੀ ਗਿਣਤੀ ਵਿਚ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸੂ ਅਗਰਵਾਲ ਨੇ ਇਸ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਅਤੇ ਐੱਸ.ਡੀ.ਐੱਮ. ਰਵਿੰਦਰ ਅਰੋੜਾ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਹੀਦ ਭਗਤ ਸਿੰਘ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਵੱਖ-ਵੱਖ ਸਮਾਗਮ ਉਲੀਕੇ ਗਏ ਹਨ, ਜਿਨ੍ਹਾਂ ਦੇ ਇਕ ਹਿੱਸੇ ਵਜੋਂ ਇਹ ਸਾਈਕਲ ਰੈਲੀ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਇਹ ਵਿਸ਼ਾਲ ਸਾਈਕਲ ਰੈਲੀ ਬਹੁਮੰਤਵੀ ਖੇਡ ਸਟੇਡੀਅਮ ਤੋਂ ਸ਼ੁਰੂ ਕਰਨ ਦਾ ਮਕਸਦ ਇਸ ਖੇਡ ਸਟੇਡੀਅਮ ਦਾ ਨਾਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਰੱਖ ਕੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਮੁਲਕ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਸਾਈਕਲ ਰੈਲੀ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਸਿਹਤਮੰਦ ਅਤੇ ਭਵਿੱਖ ਨੂੰ ਬਿਹਤਰ ਬਣਾਉਣ ਦਾ ਵੀ ਇਕ ਜ਼ਰੀਆ ਹੈ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਅਤੇ ਐੱਮ.ਆਰ. ਸਰਕਾਰੀ ਕਾਲਜ ਤੋਂ ਵਿਦਿਆਰਥੀ ਰੈਲੀ ਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਿੱਸਾ ਬਣੇ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਆਸਫ ਵਾਲਾ ਦੇ ਬੱਚਿਆਂ ਤੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਬਾਰੇ ਵਿਚਾਰ ਚਰਚਾ ਕੀਤੀ ਤਾਂ ਛੋਟੇ ਬੱਚੇ ਅਜੇ ਪਾਲ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਬਾਰੇ ਵਿਸਥਾਰ ਸਹਿਤ ਆਪਣੇ ਭਾਵ ਵਿਅਕਤ ਕੀਤੇ ਗਏ ਜਿਸ ਤੋਂ ਖੁਸ਼ ਹੋ ਕੇ ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਉਸ ਨੂੰ ਇਨਾਮੀ ਰਾਸ਼ੀ ਦਿੱਤੀ ਗਈ।

ਇਸ ਮੌਕੇ ਪੰਕਜ ਅੰਗੀ ਡਿਪਟੀ ਡੀ.ਈ.ਓ ਸੈਕੰਡਰੀ, ਕਾਰਜ ਸਾਧਕ ਅਫਸਰ ਸ੍ਰੀ ਮੰਗਤ ਰਾਮ, ਅੰਜੂ ਸੇਠੀ ਡਿਪਟੀ ਡੀ.ਈ.ਓ ਪ੍ਰਾਇਮਰੀ, ਵਿਜੈ ਪਾਲ ਜ਼ਿਲ੍ਹਾ ਨੋਡਲ ਅਫਸਰ ਸੈਕੰਡਰੀ, ਪ੍ਰਦੀਪ ਗੱਖੜ ਸੁਪਰਡੈਂਟ ਜਨ., ਇਨਕਲਾਬ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ, ਸਰਬਜੀਤ ਸਿੰਘ, ਚੇਤਨ, ਐਨ.ਜੀ.ਓ ਤੋਂ ਸੰਜੀਵ ਮਾਰਸਲ, ਆਜ਼ਾਦ ਹਿੰਦ ਪੈਡਲਰ ਕਲੱਬ ਤੋਂ ਸਸ਼ੀ ਕਾਂਤ ਗੁਪਤਾ, ਸੀਨੀਅਰ ਮੈਂਬਰ ਵਰਿੰਦਰ ਸਰਮਾ, ਰਾਮਕਿਸ਼ਨ ਰਿਟਾ. ਤਹਿਸੀਲਦਾਰ, ਅਰਪਿਤ ਸੇਤੀਆ, ਸਿਮਲਜੀਤ ਸਿੰਘ, ਰਾਜੀਵ ਸਰਮਾ, ਅਸਵਨੀ ਕੁਮਾਰ, ਸੰਦੀਪ ਸਰਮਾ, ਅਮਿਤ ਮੱਕੜ ਸਮੇਤ ਕਲੱਬ ਦੇ ਮੈਂਬਰ, ਨਰੇਸ਼ ਖੇੜਾ, ਜਗਦੀਪ ਕੁਮਾਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਹਾਜ਼ਰ ਸਨ।