ਨੌਜਵਾਨਾਂ ਨੂੰ ਸਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਨਾਲ ਜੋੜਨ ਲਈ ਵੱਖ-ਵੱਖ ਗਤੀਵਿਧੀਆਂ ਸਬੰਧੀ ਪੋਸਟਰ ਜਾਰੀ
—ਨੌਜਵਾਨਾਂ ਅੰਦਰਲੇ ਹੁਨਰ ਨੂੰ ਉਜਾਗਰ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ
—-ਨਹਿਰੂ ਯੁਵਾ ਕੇਂਦਰ ਵਲੋਂ ‘ਯੁਵਾ ਉਤਸਵ ਯੁਵਾ ਸੰਵਾਦ : ਭਾਰਤ-2047’ ਤਹਿਤ ਖਾਲਸਾ ਕਾਲਜ ‘ਚ ਜ਼ਿਲ੍ਹਾ ਪੱਧਰੀ ਮੁਕਾਬਲੇ 22 ਨੂੰ
ਜਲੰਧਰ, 18 ਅਕਤੂਬਰ :
ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨੌਜਵਾਨਾਂ ਨੂੰ ਸਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਲਈ ਨਹਿਰੂ ਯੁਵਾ ਕੇਂਦਰ ਜਲੰਧਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਯੁਵਾ ਉਤਸਵ ਯੁਵਾ ਸੰਵਾਦ : ਭਾਰਤ –2047’ ਸਬੰਧੀ ਜ਼ਿਲ੍ਹਾ ਪੱਧਰੀ ਮੁਕਾਬਲੇ 22 ਅਕਤੂਬਰ ਨੂੰ ਸਥਾਨਕ ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਹਨ |
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ.ਅਮਿਤ ਮਹਾਜਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਬਾਜਵਾ ਨੇ ਨਹਿਰੂ ਯੁਵਾ ਕੇਂਦਰ ਵਲੋਂ ਕਰਵਾਏ ਜਾ ਰਹੇ ਇਨ੍ਹਾਂ ਯੁਵਾ ਮੁਕਾਬਲਿਆਂ ਸਬੰਧੀ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਰਾਸ਼ਟਰੀ ਏਕਤਾ ਅਤੇ ਅਖੰਡਤਾ ‘ਤੇ ਅਧਾਰਿਤ ਨੌਜਵਾਨਾਂ ਦੇ ਕਵਿਤਾ, ਚਿੱਤਰਕਾਰੀ, ਫੋਟੋਗ੍ਰਾਫੀ, ਭਾਸ਼ਣ ਮੁਕਾਬਲੇ ਅਤੇ ਹੋਰ ਗਤੀਵਿਧੀਆਂ ਦੁਆਰਾ ਨੌਜਵਾਨਾਂ ਨੂੰ ਵਿਰਾਸਤ ਦੇ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਛਿਪੀ ਹੋਈ ਪ੍ਰਤਿਭਾ ਅਤੇ ਸਮਰੱਥਾ ਨੂੰ ਉਜਾਗਰ ਕਰਨ ਲਈ ਕੀਤੇ ਜਾ ਰਹੇ ਅਨੇਕਾ ਉਪਰਾਲੇ ਸ਼ਲਾਘਾ ਯੋਗ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਖ-ਵੱਖ ਗਤੀਵਿਧੀਆਂ ਨਾਲ ਜ਼ਿਲ੍ਹਾ ਜਲੰਧਰ ਦੇ ਨੌਜਵਾਨਾਂ ਨੂੰ ਅੱਗੇ ਵੱਧ ਦਾ ਮੌਕਾ ਮਿਲੇਗਾ |
ਇਸ ਮੌਕੇ ‘ਤੇ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫ਼ਸਰ ਨਿਤਿਆਨੰਦ ਯਾਦਵ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਇਹ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਪਹਿਲੇ ਦਿਨ ਜੇਤੂਆਂ ਨੂੰ ਕ੍ਰਮਵਾਰ 5000, 2000 ਅਤੇ 1000 ਰੁਪਏ ਦੇ ਨਗ਼ਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚਿਤਕਾਰੀ, ਕਵਿਤਾ ਅਤੇ ਫੋਟੋਗ੍ਰਾਰਫ ਦੇ ਪਹਿਲੇ ਲਈ ਪਹਿਲਾ ਇਨਾਮ 1000, ਦੂਜਾ 750 ਅਤੇ ਤੀਜਾ ਇਨਾਮ 500 ਰੁਪਏ ਰੱਖਿਆ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਭੰਗੜੇ ਲਈ ਪਹਿਲਾ ਇਨਾਮ 5000 ਰੁਪਏ, ਦੂਜਾ 2500 ਰੁਪਏ ਅਤੇ ਤੀਜਾ 1250 ਰੁਪਏ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਦੇ ਨਾ ਹੀ ਯੁਵਾ ਸੰਵਾਦ-2047 ਦੇ ਚਾਰ ਬਹਿਤਰ ਬੁਲਾਰਿਆਂ ਨੂੰ 1500-1500 ਰੁਪਏ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ 15 ਤੋਂ 29 ਸਾਲ ਦੇ ਚਾਹਵਾਨ ਯੁਵਾ ਨਹਿਰੂ ਕੇਂਦਰ ਜਲੰਧਰ ਦਫ਼ਤਰ, ਕੋਠੀ ਨੰਬਰ 2, ਹਰਗੋਬਿੰਦਪੁਰਾ ਕਲੋਨੀ, ਨੇੜੇ ਖਾਲਸਾ ਕਾਲਜ ਨਾਲ ਸੰਪਰਕ ਕਰ ਸਕਦੇ ਹਨ ਜਾਂ ਨਹਿਰੂ ਯੁਵਾ ਕੇਂਦਰ ਦੇ ਸੋਸ਼ਲ ਮੀਡੀਆ ਪੇਜ ਉਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ |
ਇਸ ਮੌਕੇ ਐਸ.ਡੀ.ਐਮ.ਡਾ.ਜੈ ਇੰਦਰ ਸਿੰਘ ਤੇ ਬਲਬੀਰ ਰਾਜ, ਸਕੱਤਰ ਜ਼ਿਲ੍ਹਾ ਰੈਡ ਕਰਾਸ ਇੰਦਰਦੇਵ ਸਿੰਘ ਮਿਨਹਾਸ, ਸੁਰਜੀਤ ਲਾਲ, ਸੁਮਿਤ ਅਤੇ ਹੋਰ ਵੀ ਹਾਜ਼ਰ ਸਨ |

English






