ਡਾਇਰੈਕਟਰ ਆਯੂਰਵੇਦਾ ਪੰਜਾਬ ਵਲੋਂ ਹਰ ਦਿਨ, ਹਰ ਘਰ ਆਯੂਰਵੈਦ’ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਗਰੂਕਤਾ ਕੈਂਪ

ਡਾਇਰੈਕਟਰ ਆਯੂਰਵੇਦਾ ਪੰਜਾਬ ਵਲੋਂ ਹਰ ਦਿਨ, ਹਰ ਘਰ ਆਯੂਰਵੈਦ’ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਗਰੂਕਤਾ ਕੈਂਪ

ਐਸ.ਏ.ਐਸ. ਨਗਰ/ਬੂਥਗੜ੍ਹ, 21 ਅਕਤੂਬਰ :

ਡਾਇਰੈਕਟਰ ਆਯੂਰਵੇਦਾ ਪੰਜਾਬ ਡਾ. ਸ਼ਸ਼ੀ ਭੂਸ਼ਣ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਪਲਵਿੰਦਰ ਸਿੰਘ ਦੀ ਅਗਵਾਈ ਹੇਠ ਸਤਵੇਂ ਰਾਸ਼ਟਰੀ ਆਯੂਰਵੇਦ ਦਿਵਸ ਨੂੰ ਸਮਰਪਿਤ ‘ਹਰ ਦਿਨ, ਹਰ ਘਰ ਆਯੂਰਵੇਦ’ ਦੇ ਥੀਮ ਤਹਿਤ ਵੱਖ ਵੱਖ ਸਕੂਲਾਂ, ਪਿੰਡਾਂ ਅਤੇ ਡਿਸਪੈਂਸਰੀਆਂ ਵਿਚ ਆਯੂਰਵੈਦ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ। ਡਾ. ਸ਼ਿਵਾਨੀ ਬਾਂਸਲ ਆਯੂਰਵੈਦਿਕ ਮੈਡੀਕਲ ਅਫ਼ਸਰ ਜਿਹੜੇ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਸਿਆਲਬਾ ਮਾਜਰੀ ਵਿਖੇ ਤੈਨਾਤ ਹਨ, ਨੇ ਦਸਿਆ ਕਿ ਉਨ੍ਹਾਂ ਨੇ ਵੱਖ ਵੱਖ ਥਾਈ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ।

15 ਅਕਤੂਬਰ ਨੂੰ ਮਾਜਰੀ ਦੇ ਸਕੂਲ ਵਿਚ ਮਾਨਸਿਕ ਸਿਹਤ ਲਈ ਆਯੂਰਵੈਦਾ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸੇ ਤਰ੍ਹਾਂ ਫ਼ਤਿਹਪੁਰ ਸਿਆਲਬਾ ਦੇ ਸਰਕਾਰੀ ਸਕੂਲ ਵਿਚ ਵੀ ਇਸੇ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦਿਤੀ ਗਈ। ਗੁਰੂ ਨਾਨਕ ਖ਼ਾਲਸਾ ਮਾਡਲ ਹਾਈ ਸਕੂਲ ਮਾਜਰੀ, ਪਿੰਡ ਢਕੋਰਾਂ ਕਲਾਂ ਵਿਖੇ ਵੀ ਕੈਂਪ ਲਗਾਏ ਗਏ। ਕੈਂਪਾਂ ਦੌਰਾਨ ਦਸਿਆ ਗਿਆ ਕਿ ਜਿਥੇ ਆਯੂਰਵੇਦਾ ਬੀਮਾਰੀਆਂ ਦੇ ਇਲਾਜ ਲਈ ਕਾਰਗਰ ਵਿਧੀ ਹੈ, ਉਥੇ ਇਹ ਵਿਧੀ ਸਾਨੂੰ ਕੁਦਰਤ ਨਾਲ ਵੀ ਜੋੜਦੀ ਹੈ। ਲੋਕਾਂ ਨੂੰ ਯੋਗਾ ਅਤੇ ਮੈਡੀਟੇਸ਼ਨ ਬਾਰੇ ਵੀ ਜਾਗਰੂਕ‘ ਕੀਤਾ ਗਿਆ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਆ ਗਿਆ।