ਅਗਾਂਹਵਧੂ ਕਿਸਾਨ ਹਿਰਦੇਪਾਲ ਸਿੰਘ ਨੇ ਵਾਤਾਵਰਨ ਪੱਖੀ ਤਕਨੀਕਾਂ ਰਾਹੀਂ ਫ਼ਸਲੀ ਝਾੜ ਤੇ ਆਮਦਨ ਵਿੱਚ ਕੀਤਾ ਵਾਧਾ

ਅਗਾਂਹਵਧੂ ਕਿਸਾਨ ਹਿਰਦੇਪਾਲ ਸਿੰਘ ਨੇ ਵਾਤਾਵਰਨ ਪੱਖੀ ਤਕਨੀਕਾਂ ਰਾਹੀਂ ਫ਼ਸਲੀ ਝਾੜ ਤੇ ਆਮਦਨ ਵਿੱਚ ਕੀਤਾ ਵਾਧਾ
—ਕਿਹਾ, 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਨਾਲ ਮਿੱਟੀ ਦੀ ਸਿਹਤ ‘ਚ ਸੁਧਾਰ ਨਾਲ ਹੋਰ ਕਈ ਲਾਭ ਹੋਏ

ਮਹਿਲ ਕਲਾਂ, 28 ਅਕਤੂਬਰ:

ਬਲਾਕ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਦਾ ਵਸਨੀਕ ਹਿਰਦੇਪਾਲ ਸਿੰਘ ਇੱਕ ਅਗਾਂਹਵਧੂ ਕਿਸਾਨ ਹੈ, ਜਿਸ ਵੱਲੋਂ 20 ਏਕੜ ਰਕਬੇ ਵਿੱਚ ਵਾਤਾਵਰਨ ਪੱਖੀ ਤਕਨੀਕਾਂ ਨਾਲ ਫਸਲੀ ਰਹਿੰਦ-ਖੂੰਹਦ ਦਾ ਨਿਪਟਾਰਾ ਕੀਤਾ ਜਾਂਦਾ ਹੈ।

ਕਿਸਾਨ ਹਿਰਦੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ ਤੇ ਓਹ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦਾ। ਉਸ ਨੇ ਦੱਸਿਆ ਕਿ ਇਸ ਤਕਨੀਕ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੁੰਦਾ, ਉੱਥੇ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ ਅਤੇ ਇਸ ਨਾਲ ਮਿੱਤਰ ਕੀੜੇ ਨਹੀਂ ਮਰਦੇ। ਇਸ ਤਕਨੀਕ ਨਾਲ ਉਸ ਦੀ ਫ਼ਸਲ ਦੇ ਝਾਡ਼ ਵਿੱਚ ਵੀ ਵਾਧਾ ਹੋਇਆ ਹੈ ਜਿਸ ਨਾਲ ਖੇਤੀ ਖਰਚੇ ਘਟੇ ਹਨ ਤੇ ਆਮਦਨ ਵਧੀ ਹੈ।

ਕਿਸਾਨ ਨੇ ਦੱਸਿਆ ਕਿ ਉਸ ਨੇ ਹੈਪੀ ਸੀਡਰ ਖੇਤੀਬਾਡ਼ੀ ਵਿਭਾਗ ਰਾਹੀਂ ਸਬਸਿਡੀ ‘ਤੇ ਲਿਆ ਸੀ ਤੇ ਮਹਿਲ ਕਲਾਂ ਬਲਾਕ ਦੇ ਵੱਡੀ ਗਿਣਤੀ ਕਿਸਾਨ ਇਸ ਪਾਸੇ ਤੁਰੇ ਹਨ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਰਹਿੰਦ-ਖੂੰਹਦ ਦਾ ਨਿਪਟਾਰਾ ਵਾਤਾਵਰਨ ਪੱਖੀ ਤਕਨੀਕਾਂ ਨਾਲ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਕਿਸਾਨ ਦੀ ਸ਼ਲਾਘਾ ਕੀਤੀ ਗਈ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵਾਤਾਵਰਨ ਅਤੇ ਆਪਣੀ ਤੇ ਪਰਿਵਾਰਾਂ ਦੀ ਸਿਹਤ ਸੁਰੱਖਿਆ ਲਈ  ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਗਈ।