ਆਜਾਦੀ ਦਾ ਮਹਾਉਤਸਵ- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵਲੋਂ ਪੈਦਲ ਮਾਰਚ

ਆਜਾਦੀ ਦਾ ਮਹਾਉਤਸਵ- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵਲੋਂ ਪੈਦਲ ਮਾਰਚ 

 ਬਰਨਾਲਾ, 31 ਅਕਤੂਬਰ:

ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀ ਦਿੱਲੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਮੋਹਾਲੀ ਜੀ ਦੀਆਂ ਹਦਾਇਤਾਂ ਅਤੇ ਸ਼੍ਰੀ ਕਮਲਜੀਤ ਲਾਂਬਾ, ਮਾਨਯੋਗ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ  ਜੀ ਦੀ ਪ੍ਰਧਾਨਗੀ ਹੇਠ ਇੱਕ ਪੈਦਲ ਮਾਰਚ ਦਾ ਆਯੋਜਨ ਜਿਲ੍ਹਾ ਕਚਹਿਰੀਆਂ ਬਰਨਾਲਾ ਤੋਂ ਕੀਤਾ ਗਿਆ ਜਿਸ ਵਿੱਚ ਸਮੂਹ ਜੁਡੀਸ਼ੀਅਲ ਅਫਸਰ, ਪੈਨਲ ਵਕੀਲ, ਸਟਾਫ ਮੈਬਰ, ਸਕੂਲ ਵਿਦਿਆਰਥੀ,  ਪੈਰਾ- ਲੀਗਲ ਵਲੰਟੀਅਰਾਂ ਆਦਿ ਨੇ ਸ਼ਮੂਲੀਅਤ ਕੀਤੀ । ਮਾਨਯੋਗ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ  ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਨੂੰਨੀ ਜਾਗਰੂਕਤਾ ਅਤੇ ਯੋਗ ਵਿਅਕਤੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਮੰਤਵ ਨੂੰ ਪੂਰਾ ਕਰਨ ਲਈ ਨਾਲਸਾ ਵਲੋਂ ਪੈਨ ਇੰਡੀਆਂ ਕੈਂਪੇਨ ਦਾ ਆਯੋਜਨ ਅੱਜ ਮਿਤੀ 31.10.2022 ਨੂੰ ਕੀਤਾ ਗਿਆ ਹੈ ਜਿਸ ਅਧੀਨ ਮਿਤੀ ਅੱਜ ਤੋਂ ਲੈ ਕੇ 13.11.2022 ਤੱਕ ਜਿਲ੍ਹਾ ਬਰਨਾਲਾ ਦੇ ਸਮੂਹ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਜਾਣੇ ਹਨ ਅਤੇ ਪੈਨਲ ਵਕੀਲਾਂ, ਪੈਰਾ -ਲੀਗਲ ਵਲੰਟੀਅਰਾਂ ਦੀਆਂ ਟੀਮਾਂ ਵਲੋਂ ਲੋਕਾਂ ਨੂੰ ਨਾਲਸਾ ਦੀਆਂ ਸਕੀਮਾਂ, ਕੌਮੀ ਲੋਕ ਅਦਾਲਤ ਦੇ ਫਾਇਦੇ, ਟੋਲ ਫਰੀ ਨੰਬਰ 1968 ਆਦਿ ਬਾਰੇ ਜਾਗਰੂਕ ਕਰਨਗੇ।

ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਡੌਰ ਟੂ ਡੌਰ ਕੈਂਪੇਨ ਕਰਵਾਇਆ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਉਪਰੋਕਤ ਸਕੀਮਾਂ ਦੀ ਜਾਣਕਾਰੀ ਤੋਂ  ਵਾਂਝਾ ਨਾ ਰਹਿ ਜਾਵੇ। ਮਾਨਯੋਗ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ  ਨੇ ਦੱਸਿਆ  ਜੇਲ੍ਹ ਬੰਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਕੀਮ ਦਾ ਲਾਭ ਦਿੱਤਾ ਜਾਣਾ ਹੈ । ਇਸ ਤੋਂ ਇਲਾਵਾ ਉਹਨਾਂ ਦੀ ਜਮਾਨਤ, ਉਹਨਾਂ ਦੇ ਕੇਸਾਂ ਦੀ ਅਪ ਟੂ ਡੇਟ ਜਾਣਕਾਰੀ ਆਦਿ ਦੇਣ ਲਈ ਵੱਖ ਵੱਖ ਟੀਮਾਂ ਮਿਤੀ 31.10.2022 ਤੋਂ 11.11.2022 ਜੇਲ੍ਹ ਵਿਜਿਟ ਕਰਨਗੀਆਂ ਅਤੇ ਹਰੇਕ ਬੰਦੀ ਨੂੰ ਮਿਲਣਗੀਆਂ।

ਅੰਤ ਵਿੱਚ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ  ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 12.11.2022 ਨੂੰ ਜਿਲ੍ਹਾ ਕਚਿਹਰੀਆਂ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪ੍ਰੀ ਲਿਟੀਗੇਟਿਵ ਅਤੇ ਪੈਂਡਿੰਗ ਕੇਸਾਂ ਦਾ ਮੌਕਾ ਤੇ ਨਿਪਟਾਰਾ ਕੀਤਾ ਜਾਵੇਗਾ ।