4 ਨਵੰਬਰ ਤੋਂ ਸ਼ੁਰੂ ਹੋਵੇਗਾ ਖੇਤਰੀ ਸਾਰਸ ਮੇਲਾ – ਡਿਪਟੀ ਕਮਿਸ਼ਨਰ
—ਵੱਖ-ਵੱਖ ਪ੍ਰਸਿੱਧ ਪੰਜਾਬੀ ਗਾਇਕ ਬਨ੍ਹਣਗੇ ਸਮਾਂ
—ਦੇਸ਼ ਭਰ ਦੇ ਕਾਰੀਗਰ 300 ਤੋਂ ਵੱਧ ਲਗਾਉਣਗੇ ਸਟਾਲ
—ਮੇਲੇ ਦੀ ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਅੰਮ੍ਰਿਤਸਰ 31 ਅਕਤੂਬਰ 2022-
ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 4 ਨਵੰਬਰ ਤੋਂ 17 ਨਵੰਬਰ ਤੱਕ ਖੇਤਰੀ ਸਾਰਸ ਮੇਲਾ ਦੁਸ਼ਹਿਰਾ ਗਰਾਉਂਡ ਰਣਜੀਤ ਐਵੀਨਿਊ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਭਰ ਤੋਂ ਕਾਰੀਗਰ ਆਪਣੀ ਦਸਤਕਾਰੀ ਹੁਨਰ ਦਾ ਪ੍ਰਦਰਸ਼ਨ ਕਰਨਗੇ ਅਤੇ 300 ਤੋਂ ਵੱਧ ਸਟਾਲ ਲਗਾਏ ਜਾਣਗੇ ਅਤੇ ਇਸ ਮੇਲੇ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਕਮਲ ਖਾਨ, ਕੁਲਵਿੰਦਰ ਬਿੱਲਾ, ਮਾਸ਼ਾ ਅਲੀ, ਗੁਲਾਬ ਸਿੱਧੂ, ਲਹਿੰਬਰ ਹੁਸੈਨਪੁਰੀ, ਫਿਰੋਜ਼ ਖਾਨ ਅਤੇ ਗੁਰਲੇਜ਼ ਅਖ਼ਤਰ ਆਪਣੀ ਗਾਇਕੀ ਦਾ ਮੁਜ਼ਾਹਰਾ ਕਰਨਗੇ ਅਤੇ ਸਮਾਂ ਬਨ੍ਹਣਗੇ।
ਦੁਸ਼ਹਿਰਾ ਗਰਾਉਂਡ ਰਣਜੀਤ ਐਵੀਨਿਊ ਵਿਖੇ ਖੇਤਰੀ ਸਾਰਸ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਦੇ ਹੋਏ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਦੇਸ਼ ਭਰ ਤੋਂ ਕਾਰੀਗਰ ਅਤੇ ਸੈਲਫ ਹੈਲਪ ਗਰੁੱਪ ਆਪਣੇ ਹੱਥਾਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣਗੇ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ ਵੱਖ ਰਾਜਾਂ ਦੇ ਲੋਕ ਆਪਣੇ ਖਾਣ ਪੀਣ ਦੇ ਸਟਾਲ ਵੀ ਲਗਾਉਣਗੇ, ਜਿਸਦਾ ਕਿ ਅੰਮ੍ਰਿਤਸਰ ਵਾਸੀ ਲੁਫ਼ਤ ਲੈ ਸਕਣਗੇ ਅਤੇ ਮੇਲੇ ਦੌਰਾਨ ਬੱਚਿਆਂ ਲਈ ਵੀ ਵੱਖਰਾ ਜ਼ੋਨ ਸਥਾਪਿਤ ਕੀਤਾ ਗਿਆ ਹੈ। ਜਿੱਥੇ ਉਨਾਂ ਲਈ ਝੂਲੇ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਦੇਸ਼ ਭਰ ਦੇ ਛੋਟੇ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਉਤਸ਼ਾਹਿਤ ਕਰਨਾ ਹੈ ਅਤੇ ਉਨਾਂ ਦਾ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।
ਸ੍ਰੀ ਸੂਦਨ ਨੇ ਦੱਸਿਆ ਕਿ 14 ਦਿਨ ਚੱਲਣ ਵਾਲੇ ਮੇਲੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਨਿਭਾਈਏ।
ਇਸ ਮੀਟਿੰਗ ਵਿੱਚ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ: ਅਰਸ਼ਦੀਪ ਸਿੰਘ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਅੰਮ੍ਰਿਤਸਰ , ਸ: ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫ਼ਸਰ, ਡਾ. ਚਰਨਜੀਤ ਸਿੰਘ ਸਿਵਲ ਸਰਜਨ, ਸ: ਇੰਦਰਜੀਤ ਸਿੰਘ ਅਕੈਸੀਐਨ, ਸ੍ਰੀਮਤੀ ਰੇਖਾ ਮਹਾਜਨ ਉੱਪ ਜਿਲ੍ਹਾ ਸਿੱਖਿਆ ਅਫ਼ਸਰ, ਸ੍ਰੀ ਸਤੀਸ਼ ਕੁਮਾਰ ਜਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਸ: ਵਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਰੋਜ਼ਗਾਰ, ਲੇਖਾਕਾਰ ਪ੍ਰਭਬੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

English






