ਮਸਜਿਦਾਂ ਤੇ ਕਬਰਿਸਤਾਨਾਂ ਲਈ ਫੰਡ ਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕਿਹਾ
ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਵੀ ਕੀਤੀ ਮੁਲਾਕਾਤ
ਜਲੰਧਰ, 7 ਦਸੰਬਰ 2022
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੇ ਅੱਜ ਪਿੰਡ ਰੰਧਾਵਾ ਮਸੰਦਾ ਅਤੇ ਬੱਖੂ ਨੰਗਲ ਵਿਖੇ ਬੇਅਬਾਦ ਮਸਜਿਦਾਂ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਥਾਵਾਂ ਦੀ ਦਿੱਖ ਨੂੰ ਸੁਧਾਰਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਪਿੰਡ ਰਸੂਲਪੁਰ ਵਰਿਆਹਾ (ਫਰੀਦਪੁਰ) ਅਤੇ ਬੱਖੂ ਨੰਗਲ ਵਿਖੇ ਸਥਿਤ ਕਬਰਿਸਤਾਨ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪੰਜਾਬ ਵਕਫ਼ ਬੋਰਡ ਦੇ ਅਧਿਕਾਰੀਆਂ ਨੂੰ ਕਬਰਿਸਤਾਨ ਵਿੱਚ ਚਾਰਦੀਵਾਰੀ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।
ਹੋਰ ਪੜ੍ਹੋ – ਜ਼ਿਲ੍ਹੇ ਵਿੱਚ ਮਨਾਇਆ ਗਿਆ ਹਥਿਆਰਬੰਦ ਸੈਨਾ ਝੰਡਾ ਦਿਵਸ
ਕਮਿਸ਼ਨ ਦੇ ਮੈਂਬਰ ਨੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਬਰਿਸਤਾਨਾਂ ਵਾਲੀਆਂ ਥਾਵਾਂ ‘ਤੇ ਬੁਨਿਆਦੀ ਸਹੂਲਤਾਂ ਮੌਜੂਦ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਆਪਣੀਆਂ ਰਸਮਾਂ ਪੂਰੀਆਂ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੇਅਬਾਦ ਪੁਰਾਣੀਆਂ ਮਸਜਿਦਾਂ ਦੀ ਦਿੱਖ ਨੂੰ ਸੁਧਾਰਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਮਿਸ਼ਨ ਜ਼ਿਲ੍ਹੇ ਵਿੱਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਭਾਈਚਾਰਿਆਂ ਨੂੰ ਲੋੜੀਂਦੇ ਕਬਰਿਸਤਾਨ ਲਈ ਢੁੱਕਵੀਂ ਜ਼ਮੀਨ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਲਖਵਿੰਦਰ ਸਿੰਘ, ਮਾਇਨੋਰਟੀਜ਼ ਪੀਪਲਜ਼ ਵੈੱਲਫੇਅਰ ਯੁਵਾ ਦਲ ਦੇ ਪੰਜਾਬ ਪ੍ਰਧਾਨ ਦਲਮੀਰ ਹੁਸੈਨ, ਮੁਹੱਬਤ ਮੇਹਰਬਾਨ, ਵਿਰਸਾ ਸਿੰਘ ਹੰਸ, ਫਰਮਾਨ ਧਾਰੀਵਾਲ ਆਦਿ ਮੌਜੂਦ ਸਨ।

English






