ਐਸਐਸਪੀ ਦਫ਼ਤਰ ਵਿਖੇ ਰਾਸ਼ਟਰੀ ਵੋਟਰ ਦਿਵਸ ‘ਤੇ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਸਹੁੰ ਚੁੱਕੀ ਗਈ 

ਰੂਪਨਗਰ, 25 ਜਨਵਰੀ :- ਸੀਨੀਅਰ ਕਪਤਾਨ ਪੁਲੀਸ ਰੂਪਨਗਰ ਦੇ ਦਫ਼ਤਰ ਵਿਖੇ ਐੱਸਪੀ (ਹੈੱਡਕੁਆਟਰ) ਸ. ਰਾਜਪਾਲ ਸਿੰਘ ਹੁੰਦਲ ਦੀ ਅਗਵਾਈ ਵਿੱਚ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ 13 ਵੇਂ ਰਾਸ਼ਟਰੀ ਵੋਟਰ ਦਿਵਸ ‘ਤੇ ਸਹੁੰ ਚੁੱਕੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਪੀ (ਹੈੱਡਕੁਆਟਰ) ਸ. ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਦੀ ਯਾਦ ਵਿੱਚ ਹਰ ਸਾਲ 25 ਜਨਵਰੀ ਨੂੰ ਕੌਮੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੋਟ ਦਾ ਅਧਿਕਾਰ ਨਿਰਪੱਖ ਅਤੇ ਮਜਬੂਤ ਲੋਕਤੰਤਰ ਦਾ ਮੁੱਢ ਬੰਨ੍ਹਦਾ ਹੈ, ਇਸ ਲਈ ਹਰੇਕ ਨਾਗਰਿਕ ਨੂੰ ਆਪਣੇ ਇਸ ਮੌਲਿਕ ਅਧਿਕਾਰ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਨਾਗਰਿਕ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਨੌਜਵਾਨਾਂ ਦੀ ਵੋਟ ਨਹੀਂ ਬਣੀ, ਉਹ ਵੋਟ ਜ਼ਰੂਰ ਬਨਾਉਣ।
ਇਸ ਦੌਰਾਨ ਸੀਨੀਅਰ ਕਪਤਾਨ ਪੁਲੀਸ ਰੂਪਨਗਰ ਦੇ ਸਮੂਹ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।