ਚੰਗੀ ਜ਼ਿੰਦਗੀ ਬਤੀਤ ਕਰਨ ਲਈ ਨੌਜਵਾਨ ਖੇਡਾਂ ਨੂੰ ਅਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ – ਡਾ. ਪ੍ਰੀਤੀ ਯਾਦਵ 

31ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਸ਼ਾਨੋ ਸ਼ੌਕਤ ਨਾਲ ਸਮਾਪਤ
ਆਖਰੀ ਦਿਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਕੀਤੀ ਗਈ ਮੁੱਖ ਮਹਿਮਾਨ ਵਜੋਂ ਸ਼ਿਰਕਤ 
ਬੀ.ਐੱਸ.ਐੱਫ. ਨੇ ਜਰਖੜ ਅਕੈਡਮੀ ਨੂੰ 3-0 ਨਾਲ ਹਰਾ ਕੇ ਜਿੱਤਿਆ ਫੈਸਟੀਵਲ 
ਰੂਪਨਗਰ, 20 ਮਾਰਚ :- ਚੰਗੀ ਜ਼ਿੰਦਗੀ ਬਤੀਤ ਕਰਨ ਲਈ ਨੌਜਵਾਨ ਖੇਡਾਂ ਨੂੰ ਅਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਨਾਉਣ।   ਕਿਸੇ ਵੀ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਸ ਸਮਾਜ ਦੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਤੌਰ ਉਤੇ ਤੰਦਰੁਸਤ ਹੋਣਾ ਜ਼ਰੂਰੀ ਹੈ ਤੇ ਮਾਨਸਿਕ ਤੰਦਰੁਸਤੀ ਵਿੱਚ ਸਰੀਰਕ ਤੰਦਰੁਸਤੀ ਦਾ ਅਹਿਮ ਯੋਗਦਾਨ ਹੁੰਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਹਾਕਸ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੇ 31ਵੇਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ ਗਿਆ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਮੈਦਾਨ ਵਿੱਚ ਰਾਸ਼ਟਰੀ ਪੱਧਰ ਤੇ ਹਾਕੀ ਟੂਰਨਾਮੈਂਟ ਕਰਵਾਉਣਾ ਜਿੱਥੇ ਆਸਾਨ ਕੰਮ ਨਹੀਂ ਹੈ ਉੱਥੇ ਲਗਾਤਾਰ ਟੂਰਨਾਮੈਂਟ ਕਰਵਾਉਣਾ ਉਸ ਤੋਂ ਵੀ ਜ਼ਿਆਦਾ ਸ਼ਲਾਘਾਯੋਗ ਹੈ। ਜਿਸ ਲਈ ਐਡਵੋਕੇਟ ਐਸ.ਐਸ.ਸੈਣੀ ਜਨਰਲ ਸਕੱਤਰ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਰਹੀ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅੱਜ ਦੇ ਇਸ ਟੂਰਨਾਮੈਂਟ ਵਿੱਚ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਾ  ਸੀ ਪ੍ਰੰਤੂ ਕੁੱਝ ਕਾਰਨਾ ਕਰਕੇ ਉਹ ਸ਼ਾਮਲ ਨਾ ਹੋ ਸਕੇ। ਪ੍ਰੰਤੂ ਉਹਨਾਂ ਵੱਲੋਂ ਆਪਣੇ ਅਖਤਿਆਰੀ ਫੰਡਾਂ ਵੱਲੋਂ ਹਾਕਸ ਕਲੱਬ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲੇ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਟੂਰਨਾਂਮੈਂਟ ਦੇ ਫਾਈਨਲ ਮੈਚ ਵਿਚ ਬੀ.ਐੱਸ.ਐੱਫ ਦੀ ਟੀਮ ਨੇ ਜਰਖੜ ਅਕੈਡਮੀ ਨੂੰ 3-0 ਦੇ ਫਰਕ ਨਾਲ ਹਰਾ ਕੇ 31ਵੇਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਨੂੰ ਆਪਣੇ ਨਾਮ ਕੀਤਾ। ਜੇਤੂ ਅਤੇ ਉਪ ਜੇਤੂ ਰਹੀ ਟੀਮਾਂ ਨੂੰ ਕ੍ਰਮਵਾਰ 51000/- ਰੁਪਏ, 31000/- ਰੁਪਏ , ਹਰੇਕ ਖਿਡਾਰੀ ਨੂੰ ਵਿਅਕਤੀਗਤ ਇਨਾਮ ਅਤੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਹਾਕਸ ਟਰਾਫੀਆਂ ਵੀ ਦਿੱਤੀਆਂ ਗਈਆਂ।