ਭਾਸ਼ਾ ਵਿਭਾਗ ਰੂਪਨਗਰ ਵੱਲੋਂ ਕੌਮਾਂਤਰੀ ਰੰਗਮੰਚ ਦਿਹਾੜਾ ਮਨਾਇਆ ਗਿਆ

ਰੂਪਨਗਰ, 2 ਅਪ੍ਰੈਲ :- ਭਾਸ਼ਾ ਵਿਭਾਗ ਜ਼ਿਲ੍ਹਾ ਰੂਪਨਗਰ ਵੱਲੋਂ ਕੌਮਾਂਤਰੀ ਰੰਗਮੰਚ ਦਿਹਾੜੇ ਨੂੰ ਸਮਰਪਿਤ ਨਾਟਕ ’ਮੈਂ’ਤੁਸੀਂ ਇਕਬਾਲ ਪੰਜਾਬੀ ਦਾ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੁਠੇੜੀ (ਰੂਪਨਗਰ) ਵਿਖੇ ਕਰਵਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਖੋਜ ਅਫ਼ਸਰ ਸ਼੍ਰੀਮਤੀ ਦਰਸ਼ਨ ਕੌਰ ਵਲੋਂ ਕੌਮਾਂਤਰੀ ਰੰਗਮੰਚ ਦਿਹਾੜੇ ਦੇ ਸਮਾਗਮ ‘ਚ ਪੁੱਜੇ ਸਮੂਹ ਹਾਜ਼ਰੀਨ ਨੂੰ ‘ਜੀ ਆਇਆ ਨੂੰ’ ਕਿਹਾ ਗਿਆ ਅਤੇ ਕੌਮਾਂਤਰੀ ਰੰਗਮੰਚ ਦਿਹਾੜੇ ਦੀ ਮਹੱਤਤਾ ਬਾਰੇ ਦੱਸਦੇ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ।
ਭਾਸ਼ਾ ਵਿਭਾਗ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਪ੍ਰਤੀ ਵਚਨਬੱਧਤਾ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਸਮੂਹ ਪਤਵੰਤੇ ਸੱਜਣਾਂ ਨੂੰ ਨਾਮ ਪੱਟੀਆਂ ਉੱਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ‘ਚ ਲਿਖਣ ਦੀ ਅਪੀਲ ਕੀਤੀ।
ਇਸ ਉਪਰੰਤ ਲੇਖਕ ਰਾਬਿੰਦਰ ਸਿੰਘ ਰੱਬੀ ਵੱਲੋਂ ਨਾਟਕ ਦੀ ਰੂਪਰੇਖਾ ਸਾਂਝੀ ਕੀਤੀ ਗਈ। ਇਸ ਮੌਕੇ ਸੱਜਰੀ ਸਵੇਰ ਕਲਾ ਕੇਂਦਰ(ਰਜਿ.)ਮੋਰਿੰਡਾ, ਵਲੋਂ ਲੇਖਕ ਅਤੇ ਨਿਰਦੇਸ਼ਕ ਰਾਬਿੰਦਰ ਸਿੰਘ ਰੱਬੀ ਦੇ ਨਿਰਦੇਸ਼ਨ ਹੇਠ ਨਾਟਕ ’ਮੈਂ’ਤੁਸੀਂ ਇਕਬਾਲ ਪੰਜਾਬੀ ਦਾ’ ਖੇਡਿਆ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੁਠੇੜੀ (ਰੂਪਨਗਰ) ਦੇ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਵਲੋਂ ਭਾਸ਼ਾ ਅਤੇ ਰੰਗਮੰਚ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਅਤੇ ਨੌਜਵਾਨ ਪੀੜ੍ਹੀ ਬਾਰੇ ਆਪਣੇ ਵਿਚਾਰ ਰੱਖੇ ਗਏ।
ਨਾਟਕ ਉਪਰੰਤ ਨਾਟਕ ਮੰਡਲੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸ. ਸੌਦਾਗਰ ਸਿੰਘ ਵੱਲੋਂ ਸਮੂਹ ਮਹਿਮਾਨਾਂ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਕੂਲ ਦਾ ਸਮੂਹ ਸਟਾਫ, ਵਿਦਿਆਰਥੀ, ਮਾਪੇ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਰੂਪਨਗਰ ਦਾ ਸਮੂਹ ਸਟਾਫ਼ ਹਾਜ਼ਰ ਸੀ।