ਰੂਪਨਗਰ ਜ਼ਿਲ੍ਹੇ ਦੀ ਧੀ ਗਾਰਿਮਾ ਭਾਰਗਵ ਪੀਸੀਐੱਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਬਣੀ ਜੱਜ  

— ਡਿਪਟੀ ਕਮਿਸ਼ਨਰ ਨੇ ਦਫ਼ਤਰ ਵਿਖੇ ਗਾਰਿਮਾ ਭਾਰਗਵ ਨਾਲ ਮੁਲਾਕਾਤ ਕਰਦਿਆਂ ਦਿੱਤੀ ਮੁਬਾਰਕਬਾਦ
ਰੂਪਨਗਰ, 16 ਅਕਤੂਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਪੀਸੀਐੱਸ (ਜੁਡੀਸ਼ੀਅਲ) 2023 ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਰੂਪਨਗਰ ਜ਼ਿਲ੍ਹੇ ਦੀ ਧੀ ਗਾਰਿਮਾ ਭਾਰਗਵ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਫ਼ਤਰ ਵਿਖੇ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਪੂਰੇ ਰੂਪਨਗਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਅਤੇ ਪੂਰੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਹੈ ਕਿ ਤੁਸੀਂ ਇਸ ਪ੍ਰੀਖਿਆ ਪਾਸ ਕਰਨ ਵਿਚ ਸਫਲ ਰਹੇ ਹੋ ਜਿਸ ਨਾਲ ਹੋਰਾਂ ਨੂੰ ਵੀ ਪ੍ਰੇਰਨਾ ਮਿਲੇਗੀ।
ਉਨ੍ਹਾਂ ਕਿਹਾ ਕਿ ਜੇਕਰ ਅੱਜ ਦੀ ਨੌਜਵਾਨ ਪੀੜ੍ਹੀ ਚਾਹੇ ਤਾਂ ਉਹ ਕੁਝ ਵੀ ਕਰ ਸਕਦੀ ਹੈ ਅਤੇ ਰੂਪਨਗਰ ਜ਼ਿਲ੍ਹੇ ਦੀ ਧੀ ਦੀ ਇਹ ਉਪਲੱਬਧੀ ਇਸ ਗੱਲ ਦਾ ਸਬੂਤ ਹੈ।
ਇਸ ਮੌਕੇ ਗੱਲਬਾਤ ਕਰਦਿਆ ਪੀਸੀਐੱਸ (ਜੁਡੀਸ਼ਲ) 2023 ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਗਾਰਿਮਾ ਭਾਰਗਵ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਦਸਵੀਂ ਤੱਕ ਹੋਲੀ ਫੈਮਿਲੀ ਕਾਨਵੇਂਟ ਸਕੂਲ ਰੋਪੜ ਤੋਂ, ਬਾਰਵੀਂ ਦੀ ਪੜ੍ਹਾਈ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੋਪੜ, ਗਰੈਜੂਏਸ਼ਨ ਦੀ ਪੜ੍ਹਾਈ ਜੁਲਾਈ 2022 ਵਿੱਚ ਹੀ ਯੂਨੀਵਰਸਿਟੀ ਇੰਸਟਿਊਟ ਆਫ ਲੀਗਲ ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।
ਉਨ੍ਹਾਂ ਕਿਹਾ ਕਿ ਆਪਣੀ ਮਾਤਾ ਜੀ ਦੇ ਸਹਿਯੋਗ ਤੇ ਸਾਥ ਨਾਲ ਇਹ ਪ੍ਰੀਖਿਆ ਉਨ੍ਹਾਂ ਬਿਨ੍ਹਾਂ ਕਿਸੇ ਕੋਚਿੰਗ ਤੋਂ ਪਹਿਲੀ ਵਾਰ ਵਿੱਚ ਹੀ ਪਾਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।