ਸ਼੍ਰੀ ਚਮਕੌਰ ਸਾਹਿਬ, 23 ਅਕਤੂਬਰ:
ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ ਇਸੇ ਉਦੇਸ਼ ਦੇ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਅਧੀਨ ਆਉਂਦੀਆਂ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ 80 ਪ੍ਰਤੀਸ਼ਤ ਸਬਸਿਡੀ ਉਤੇ 7 ਸਰਫ਼ੇਸ ਸੀਡਰ ਮਸ਼ੀਨਾਂ ਦਿੱਤੀਆ। ਜਿਸ ਵਿਚ ਖੇਤੀਬਾੜੀ ਸਹਿਕਾਰੀ ਸਭਾਵਾਂ ਜਟਾਣਾ, ਡੱਲਾ, ਬਰਸਾਲਪੁਰ, ਜਗਤਪੁਰ, ਟੱਪਰੀਆਂ ਅਮਰ ਸਿੰਘ, ਚੱਕਲਾ ਅਤੇ ਪਪਰਾਲੀ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਫ਼ੇਸ ਸੀਡਿੰਗ ਤਕਨੀਕ ਹੀ ਅਜਿਹੀ ਤਕਨੀਕ ਹੈ, ਜਿਸ ਨਾਲ ਕਣਕ ਦੀ ਬਿਜਾਈ, ਝੋਨੇ ਦੀ ਕਟਾਈ ਉਪਰੰਤ ਬਿਨਾਂ ਪਰਾਲੀ ਨੂੰ ਅੱਗ ਲਗਾਇਆਂ, ਬਿਨਾਂ ਦੇਰੀ ਕੀਤਿਆਂ, ਘੱਟ ਖਰਚ ਕਰਕੇ ਅਤੇ ਬਗੈਰ ਵੱਡੀ ਮਸ਼ੀਨਰੀ ਦੀ ਵਰਤੋਂ ਕੀਤਿਆਂ ਕੀਤੀ ਜਾ ਸਕਦੀ ਹੈ।
ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਕੇ ਮੌਕੇ ਤੇ ਹੀ ਹੱਲ ਕੀਤਾ। ਉਨ੍ਹਾਂ ਖੇਤਾਂ ਵਿੱਚ ਚੱਲ ਰਹੇ ਬੇਲਰਾਂ ਦਾ ਵੀ ਮੌਕੇ ਉਤੇ ਨਿਰੀਖਣ ਕੀਤਾ ਅਤੇ ਬੇਲਰਾਂ ਦੀ ਵਰਤੋਂ ਕਰ ਰਹੇ ਕਿਸਾਨਾਂ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਸਮੂਹ ਕਿਸਾਨ ਭਰਾਵਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਰੂਪਨਗਰ ਜਿਲ੍ਹੇ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ਜਿਸਦੇ ਫਲਸਰੂਪ ਜਿਲ੍ਹਾ ਵਿੱਚ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਘਟਨਾਵਾਂ ਸਾਹਮਣੇ ਨਹੀਂ ਆਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸਨੂੰ ਜਾਰੀ ਰੱਖਿਆ ਜਾਵੇਗਾ ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ, ਏ.ਆਰ ਕਮਲਜੀਤ ਸਿੰਘ ਅਤੇ ਹੋਰ ਪੱਤਵੰਤੇ ਸੱਜਣ ਸਮੇਤ ਕਿਸਾਨ ਹਾਜ਼ਰ ਸਨ।

English






