ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗ਼ਜ਼ਲ ਪੁਸਤਕ ‘ਅੱਖਰ ਅੱਖਰ’ ਰਾਏ ਅਜ਼ੀਜ਼ ਉਲਾ ਖ਼ਾਨ ਜੀ ਨੂੰ ਸਰੀ(ਕੈਨੇਡਾ) ਵੱਸਦੇ ਲੇਖਕਾਂ ਵੱਲੋਂ ਭੇਂਟ

ਲੁਧਿਆਣਾਃ 25 ਅਕਤੂਬਰ

ਲੁਧਿਆਣਾ ਰਹਿੰਦੇ ਸ਼ਾਇਰ ਪ੍ਰੋਃ ਗੁਰਭਜਨ ਸਿੰਘ  ਗਿੱਲ ਦੀ ਕਰੀਬ 900 ਤੋਂ ਵੱਧ ਗਜ਼ਲਾਂ ਦੀ ਵੱਡ ਆਕਾਰੀ ਪੁਸਤਕ ‘ਅੱਖਰ ਅੱਖਰ’ ਸਰੀ(ਕੈਨੇਡਾ) ਵਿਖੇ ਪੰਜਾਬੀ ਲੇਖਕਾਂ ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਗਿਆਨ ਸਿੰਘ ਸੰਧੂ,ਡਾਃ ਗੁਰਵਿੰਦਰ ਸਿੰਘ ਧਾਲੀਵਾਲ,  ਮਹਾਰਾਜਾ  ਰੈਸਟੋਰੈਂਟ ਦੇ ਮਾਲਕ,ਰਛਪਾਲ ਗਿੱਲ  ਤੇ ਹੋਰਨਾਂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਯੋਗੀ ਤੇ ਉਨ੍ਹਾਂ ਪਾਸੋ ਗੰਗਾ ਬਖ਼ਸ਼ਿਸ਼ ਪ੍ਰਾਪਤ ਰਾਏ ਕੱਲ੍ਹਾ ਜੀ ਦੇ ਵਾਰਿਸ ਰਾਏ ਅਜ਼ੀਜ਼ ਉਲਾ ਖਾਂ ਜੀ ਨੂੰ ਮਹਾਰਾਜਾ ਰੈਸਟੋਰੈਟ ਸਰੀ ਕੈਨੇਡਾ ਵਿਖੇ ਭੇਂਟ ਕੀਤੀ।

ਇਸ ਪੁਸਤਕ ਵਿਚ ਪਿਛਲੇ 50 ਸਾਲਾਂ ਵਿਚ ਛਪੇ 8 ਗਜ਼ਲ ਸੰਗ੍ਰਿਹਾਂ ਦੀਆਂ ਗਜ਼ਲਾਂ ਸ਼ਾਮਲ ਕੀਤੀਆਂ ਗਈਆਂ ਹਨ। 472 ਸਫਿਆਂ ਦੀ ਇਹ ਪੁਸਤਕ ਉਸ ਨੇ ਆਪਣੀ ਵਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ ਵੜੈਚ,ਜਿਸ ਨੇ ‘ਸਾਡੇ ਪਿੰਡ ਬਸੰਤ ਕੋਟ ਵਿਚ ਬੀਬੀ ਜੀ ਦੇ ਚੁਲ੍ਹੇ ਅੱਗੇ ਸੁਆਹ ਵਿਛਾ ਕੇ ਪਹਿਲੀ ਵਾਰ ‘ਊੜਾ’ ਲਿਖ ਕੇ’ ਦਿਤਾ ‘ਤੋਂ ਲੈ ਕੇ ਮੇਰੀਆਂ ਲਿਖਤਾਂ ਦੀ ਵਰਤਮਾਨ ਪ੍ਰੇਰਨਾ ਸਾਡੀ ਪੋਤਰੀ ਅਸੀਸ ਕੌਰ ਗਿੱਲ ਦੇ ਨਾਮ’ ਸਮਰਪਿਤ ਹੈ। ਮੋਹਨ ਗਿੱਲ ਨੇ ਇਸ ਮੌਕੇ ਦੱਸਿਆ ਕਿ ਵੀਹ  ਤੋਂ ਵਧ ਕਾਵਿ ਪੁਸਤਕਾਂ ਦੇ ਲੇਖਕ ਅਤੇ ਕਈ ਅਵਾਰਡਾਂ ਨਾਲ ਸਨਮਾਨਤ ਪ੍ਰੋ. ਗਿੱਲ ਨੇ ਇਸ ਪੁਸਤਕ ਵਿਚ 1973-2023 ਦਰਮਿਆਨ ਲਿਖੀਆਂ ਗਜ਼ਲਾਂ ਦੇ ‘ਅੱਖਰ ਅੱਖਰ’ ਪਾਠਕਾਂ ਅਗੇ ਪਰੋਸੇ ਹਨ।

ਇਸ 2 ਮਈ ਨੂੰ 70 ਸਾਲਾਂ ਦੇ ਹੋਣ ਸਮੇਂ ਉਹਨਾਂ ਆਪਣੀ 50 ਸਾਲਾ ਗਜ਼ਲ-ਘਾਲਣਾ ਨੂੰ ਇਕ ਸੰਗ੍ਰਹਿ ਵਿਚ ਛਪਵਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਇਹ ਕਿਤਾਬਾਂ ਭਾਰਤ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੇ ਕੈਲਗਰੀ ਪਹੁੰਚਾਉਣ ਵਾਲੇ ਸੱਜਣ ਕਰਮਜੀਤ ਸਿੰਘ ਗਰੇਵਾਲ(ਰਾਇਕੋਟ ਵਾਲੇ) ਦਾ ਵੀ ਧੰਨਵਾਦ ਕੀਤਾ।

ਰਾਏ ਅਜ਼ੀਜ਼ ਉਲਾ ਖਾਂ ਸਾਹਿਬ ਨੇ ਕਿਹਾ ਕਿ ਪ੍ਰੋਃ ਗੁਰਭਜਨ ਸਿੰਘ ਗਿੱਲ ਸਾਡਾ 1999 ਤੋਂ ਲਗਾਤਾਰ ਪਰਿਵਾਰਕ ਸਨੇਹੀ ਹੈ। ਮੈਨੂੰ ਮਾਣ ਹੈ ਕਿ ਉਸ ਦੀ ਸ਼ਾਹਮੁਖੀ ਵਿੱਚ ਛਪੀ ਪਹਿਲੀ ਕਿਤਾਬ “ਰਾਵੀ” ਨੂੰ ਲਾਹੌਰ ਵਿਖੇ 2019 ਵਿੱਚ ਹੋਈ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੇ ਆਖ਼ਰੀ ਦਿਨ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਸੁਗਰਾ ਸੱਦਫ, ਇਕਬਾਲ ਮਾਹਲ ਸਮੇਤ ਲੋਕ ਅਰਪਨ ਕੀਤਾ ਸੀ। ਉਸ ਦੇ ਕਲਾਮ ਵਿੱਚ ਸਰਬ ਸਾਂਝੀ ਪੰਜਾਬੀਅਤ ਲਈ ਅੰਤਾਂ ਦੀ ਮੁਹੱਬਤ ਹੈ। ਇਸੇ ਕਰਕੇ ਉਸ ਨੂੰ ਪਾਕਿਸਤਾਨ ਵਿੱਚ ਵੀ ਬਹੁਤ ਉਡੀਕ ਨਾਲ ਪੜ੍ਹਿਆ ਜਾਂਦਾ ਹੈ।
ਜਰਨੈਲ ਸਿੰਘ ਆਰਟਿਸਟ, ਡਾਃ ਗੁਰਵਿੰਦਰ ਸਿੰਘ ਧਾਲੀਵਾਲ ਤੇ ਰਛਪਾਲ ਗਿੱਲ ਨੇ ਵੀ ਗੁਰਭਜਨ ਸਿੰਘ ਗਿੱਲ ਨਾਲ ਆਪੋ ਆਪਣੀ ਸਾਂਝ ਦੇ ਹਵਾਲੇ ਨਾਲ ਗੱਲਾਂ ਕੀਤੀਆਂ। ਰਛਪਾਲ ਗਿੱਲ ਨੇ ਕਿਹਾ ਕਿ ਮੈ 1980-83 ਦੌਰਾਨ ਉਨਾਂ ਦਾ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਵਿੱਚ ਵਿਦਿਆਰਥੀ ਰਿਹਾ ਹਾਂ।