ਸੁਪਰ ਸੀਡਰ ਮਸ਼ੀਨ ਦੀ ਤਕਨੀਕ ਨਾਲ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਇਕੋ ਸਮੇਂ ਕੀਤਾ ਜਾ ਸਕਦਾ-ਮੁੱਖ ਖੇਤੀਬਾੜੀ ਅਫ਼ਸਰ

ਮੋਰਿੰਡਾ, 26 ਅਕਤੂਬਰ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਰੂਪਨਗਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਪਿੰਡ ਕੋਟਲਾ ਬਲਾਕ ਮੋਰਿੰਡਾ ਵਿਖੇ ਕਿਸਾਨ ਉਕਾਰ ਸਿੰਘ ਦੇ ਖੇਤ ਵਿੱਚ ਕਣਕ ਦੀ ਬਿਜਾਈ ਸੁਪਰ ਸੀਡਰ ਮਸ਼ੀਨ ਨਾਲ ਕਰਵਾਈ ਗਈ।
ਇਸ ਮੌਕੇ ਡਾ.ਗੁਰਬਚਨ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਿਜਾਏ ਖੇਤ ਵਿੱਚ ਸਾਂਭਣ ਲਈ ਇੰਨ ਸੀਟੂ ਸਕੀਮ ਤਹਿਤ ਖੇਤੀਬਾੜੀ ਵਿਭਾਗ ਵੱਲੋ ਕਿਸਾਨਾਂ ਨੂੰ ਉਪਦਾਨ ਤੇ ਵੱਖ-ਵੱਖ ਮਸ਼ੀਨਾਂ ਦਿੱਤੀਆ ਗਈਆ ਹਨ।
 ਸੁਪਰ ਸੀਡਰ ਮਸ਼ੀਨ ਨਾਲ ਬੀਜੀ ਜਾ ਰਹੀ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਸੁਪਰ ਸੀਡਰ ਮਸ਼ੀਨ ਦੀ ਤਕਨੀਕ ਨਾਲ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਇਕੋ ਸਮੇਂ ਤੇ ਕੀਤੀ ਜਾ ਸਕਦੀ ਹੈ ਜਿਸ ਨਾਲ ਸਮੇਂ ਦੀ ਬੱਚਤ ਅਤੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਦੇ ਖਰਚੇ ਦੀ ਬੱਚਤ ਹੁੰਦੀ ਹੈ। ਸੁਪਰ ਸੀਡਰ ਮਸ਼ੀਨ ਨਾਲ ਪਰਾਲੀ ਜ਼ਮੀਨ ਚ ਗਲ ਜਾਣ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉੱਥੇ ਅਗਲੀ ਫਸਲ ਦਾ ਝਾੜ ਵੱਧਣ ਦੇ ਨਤੀਜੇ ਵੀ ਚੰਗੇ ਆਉਂਦੇ ਹਨ।
ਇਸ ਮੌਕੇ ਕਿਸਾਨ ਉਕਾਰ ਸਿੰਘ ਨੇ ਦੱਸਿਆ ਕਿ ਮੈਂ ਪਿਛਲੇ ਸਾਲ ਦੋ ਏਕੜ ਰਕਬੇ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ ਜੋ ਬਹੁਤ ਵਧੀਆ ਹੋਈ ਅਤੇ ਝਾੜ ਵੀ ਦੋ ਕੁਇੰਟਲ ਵੱਧ ਨਿਕਲਿਆ। ਹੁਣ ਇਸ ਸਾਲ ਮੈਂ 30 ਏਕੜ ਰਕਬੇ ਵਿੱਚ ਇਸੇ ਤਕਨੀਕ ਨਾਲ ਕਣਕ ਦੀ ਬਿਜਾਈ ਕਰਾਗਾਂ।
ਇਸ ਮੌਕੇ ਪਵਿੱਤਰ ਸਿੰਘ ਏ.ਐਸ.ਆਈ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਜ਼ੀਰੋ ਟਿਲ ਡਰਿਲ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਸਰਫ਼ੇਸ ਸੀਡਰ ਮਸ਼ੀਨ ਨਾਲ ਕੀਤੀ ਜਾਵੇ। ਇਸ ਮੌਕੇ ਵਿਭਾਗ ਦੇ ਲਵਪ੍ਰੀਤ ਸਿੰਘ ਏ.ਟੀ.ਐੱਮ ਅਤੇ ਕਿਸਾਨ ਹਾਜ਼ਰ ਸਨ।