ਮੁਲਾਜਮ ਮੰਗਾਂ ਦੇ ਸਬੰਧ ਵਿਚ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

— 8 ਨਵੰਬਰ ਤੋਂ 13 ਨਵੰਬਰ 2023 ਤੱਕ ਦਫਤਰਾਂ ਵਿਚ ਰਹੇਗਾ ਕੰਮ-ਕਾਜ ਠੱਪ

ਫਾਜ਼ਿਲਕਾ, 3 ਨਵੰਬਰ:

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਮਿਤੀ 06-11-2023 ਤੇ 07-11-2023 ਨੂੰ ਗੇਟ ਰੈਲੀਆਂ ਕਰਕੇ ਐਕਸ਼ਨ ਲਾਮਬੰਦ ਕਰੇਗੀ ਅਤੇ 8 ਨਵੰਬਰ ਤੋਂ 13 ਨਵੰਬਰ 2023 ਤੱਕ ਕਲਮ ਛੋੜ ਹੜਤਾਲ, ਕੰਪਿਉਟਰ ਬੰਦ, ਆਨਲਾਈਨ ਕੰਮ ਬੰਦ ਕਰਨ ਦਾ ਐਲਾਨ ਕੀਤਾ ਗਿਆ। ਸੂਬਾ ਬਾਡੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿਤ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਤੇ ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਦੀ ਅਗਵਾਈ ਹੇਠ ਯੁਨੀਅਨ ਆਗੂਆਂ ਸਮੇਤ ਸਮੁੱਚੇ ਦਫਤਰੀ ਸਟਾਫ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਅੰਦਰ ਵੀ ਹੜਤਾਲ ਨੂੰ ਪੂਰਨ ਤੌਰ `ਤੇ ਲਾਗੂ ਕੀਤਾ ਜਾਵੇਗਾ।

ਇਸ ਮੌਕੇ ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਦੀ ਅਗਵਾਈ ਹੇਠ ਯੁਨੀਅਨ ਆਗੂਆਂ ਵੱਲੋਂ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੁੰ ਕੰਮ ਕਾਜ ਬੰਦ ਰੱਖਣ ਸਬੰਧੀ ਮੰਗ ਪੱਤਰ ਦਿੱਤਾ ਗਿਆ।

ਮੁਲਾਜਮ ਆਗੂਆਂ ਨੇ ਕਿਹਾ ਕਿ ਮੁਲਾਜਮਾਂ ਦੀ ਜਾਇਜ ਤੇ ਹੱਕੀ ਮੰਗਾਂ ਜਿਸ ਵਿਚ ਪੇਅ ਕਮਿਸ਼ਨ ਨੂੰ ਸਹੀ ਢੰਗ ਨਾਲ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਅਤੇ ਮੁਲਾਜਮਾਂ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਆਦਿ ਹੋਰ ਵੱਖ-ਵੱਖ ਅਹਿਮ ਮੰਗਾਂ ਨੂੰ ਪੂਰਾ ਨਾ ਕਰਕੇ ਮੁਲਾਜਮਾਂ ਨਾਲ ਧੋਖਾ ਕੀਤਾ ਗਿਆ। ਮੰਗਾਂ ਦੀ ਪੂਰਤੀ ਨਾ ਕਰਨ ਦੇ ਵਿਰੋਧ ਵਿਚ ਮੁਲਾਜਮਾ ਨੂੰ ਇਕ ਵਾਰ ਹੜਤਾਲਾਂ ਦਾ ਰੁਖ ਕਰਨਾ ਪੈ ਰਿਹਾ ਹੈ। ਜੇਕਰ ਸਰਕਾਰ ਵੱਲੋਂ ਮੁਲਾਜਮਾਂ ਪ੍ਰਤੀ ਕੋਈ ਹਾਂ-ਪਖੀ ਰਵਈਆ ਨਹੀ ਅਪਣਾਇਆ ਜਾਂਦਾ ਤਾਂ ਆਉਣ ਵਾਲੇ ਦਿਨਾਂ *ਚ ਸੂਬਾ ਬਾਡੀ ਦੇ ਫੈਸਲੇ ਅਨੁਸਾਰ ਹੋਰ ਤੀਖੇ ਸੰਘਰਸ਼ ਉਲੀਕੇ ਜਾਣਗੇ।

ਇਸ ਮੌਕੇ ਯੁਨੀਅਨ ਦੇ ਵੱਖ-ਵੱਖ ਅਹੁਦੇਦਾਰ ਤੇ ਕਰਮਾਰੀ ਮੌਜੂਦ ਸਨ।