— ਅਧਿਕਾਰੀ ਜਨਤਾ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ
— ਸਮੇਂ ਦੀ ਪਾਬੰਦੀ ਨੂੰ ਬਣਾਓ ਯਕੀਨੀ
ਅੰਮ੍ਰਿਤਸਰ, 3 ਨਵੰਬਰ:
ਆਪ ਸਰਕਾਰ ਲੋਕਾਂ ਦੀ ਭਲਾਈ ਲਈ ਸੱਤਾ ਵਿੱਚ ਆਈ ਹੈ ਅਤੇ ਸਾਡੀ ਸਰਕਾਰ ਦਾ ਮੁੱਖ ਕੰਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਕੰਮ ਲਈ ਭਟਕਣਾ ਨਾ ਪਵੇ। ਅਜਨਾਲਾ ਵਿਖੇ ਅੱਜ ਸਮੂਹ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਸ: ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡਾਂ ਤੇ ਸ਼ਹਿਰ ਦੇ ਬਹੁ ਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਵਿਭਾਗੀ ਪੱਧਰ ’ਤੇ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਨੂੰ ਹਰ ਪੱਖੋਂ ਮੋਹਰੀ ਬਣਾਉਣ ਲਈ ਉਹ ਦਿਨ ਰਾਤ ਸਰਗਰਮ ਹਨ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਮੇਂ ਸਿਰ ਹੱਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਥਾਈ ਹੱਲ ਕੀਤਾ ਜਾਵੇ।
ਮੀਟਿੰਗ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ, ਮੰਡੀ ਬੋਰਡ, ਪੰਚਾਇਤੀ ਰਾਜ, ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਸੀਵਰੇਜ ਬੋਰਡ, ਭੂਮੀ ਰੱਖਿਆ ਆਦਿ ਵਿਭਾਗਾਂ ਰਾਹੀਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਹਦਾਇਤ ਕਰਦਿਆਂ ਸਮੁੱਚੇ ਕਾਰਜ ਪਾਰਦਰਸ਼ੀ ਪ੍ਰਣਾਲੀ ਨਾਲ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਮੁਕੰਮਲ ਕਰਨੇ ਯਕੀਨੀ ਬਣਾਉਣ ਲਈ ਆਖਿਆ।
ਉਨ੍ਹਾਂ ਕਿਹਾ ਕਿ ਸਫ਼ਾਈ ਵਿਵਸਥਾ ਨੂੰ ਸੁਚਾਰੂ ਰੱਖਦੇ ਹੋਏ ਸੀਵਰੇਜ ਵਿਵਸਥਾ ਵਿੱਚ ਵੀ ਲੋੜੀਂਦੇ ਸੁਧਾਰਾਂ ਨੂੰ ਯਕੀਨੀ ਬਣਾਇਆ ਜਾਵੇ। ਸ ਧਾਲੀਵਾਲ ਨੇ ਹਲਕੇ ਵਿੱਚ ਨਵੀਂਆਂ ਬਣ ਰਹੀਆਂ ਪੇਂਡੂ ਲਾਇਬ੍ਰੇਰੀਆਂ, ਆਮ ਆਦਮੀ ਕਲੀਨਿਕਾਂ, ਜਲ ਸਪਲਾਈ ਸਕੀਮਾਂ, ਜ਼ਮੀਨਦੋਜ਼ ਪਾਈਪਾਂ ਦੇ ਪ੍ਰੋਜੈਕਟਾਂ ਆਦਿ ਦੀ ਸਥਿਤੀ ਬਾਰੇ ਵੀ ਜਾਇਜ਼ਾ ਲਿਆ।
ਕੈਬਨਿਟ ਮੰਤਰੀ ਧਾਲੀਵਾਲ ਨੇ ਦੱÇਅਆ ਕਿ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਇਕ ਦਸਤਾਵੇਜ ਤਿਆਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਦਾ ਪੱਤਾ ਲੱਗ ਸਕੇ ’ਤੇ ਲੋਕ ਇਸ ਦਾ ਫਾਇਦਾ ਵੱਧ ਤੋਂ ਵੱਧ ਲੈ ਸਕਣ।
ਇਸ ਮੌਕੇ ਐਸ.ਡੀ.ਐਮ. ਅਜਨਾਲਾ ਸ: ਅਰਵਿੰਦਰ ਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਹਾਜ਼ਰ ਸਨ।

English






