— ਇਸ ਸਾਲ 11 ਲੱਖ ਟਨ ਕਿਨੂੰ ਪੈਦਾ ਹੋਣ ਦੀ ਆਸ
— ਪਿੱਛਲੇ ਸਾਲ ਤੋਂ ਦੁੱਗਣੇ ਤੋਂ ਵੀ ਵੱਧ ਹੋਵੇਗਾ ਉਤਪਾਦਨ
ਫਾਜਿ਼ਲਕਾ, 4 ਦਸੰਬਰ:
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਲ ਭਰ ਦਿੱਤੇ ਭਰਪੂਰ ਨਹਿਰੀ ਪਾਣੀ ਅਤੇ ਜਿ਼ਲ੍ਹੇ ਦੇ ਬਾਗਬਾਨਾਂ ਦੀ ਸਖ਼ਤ ਮਿਹਨਤ ਨੇ ਇਸ ਵਾਰ ਕਿਨੂੰ ਦੀ ਰਿਕਾਰਡ ਪੈਦਾਵਾਰ ਕੀਤੀ ਹੈ।ਇਸ ਵਾਰ ਕਿਨੂੰ ਉਤਪਾਦਨ ਦੇ ਪਿੱਛਲੇ ਰਿਕਾਰਡ ਟੁੱਟ ਰਹੇ ਹਨ ਅਤੇ ਇਸ ਬੰਪਰ ਫਸਲ ਕਰਕੇ ਪੰਜਾਬ ਦਾ ਮਾਣ ਕਿਨੂੰ ਹੁਣ ਲੋਕਾਂ ਨੂੰ ਸਿਹਤਯਾਬੀ ਦਾ ਆਸਿ਼ਰਵਾਦ ਦੇਣ ਲਈ ਇੱਥੋਂ ਦੇਸ਼ ਭਰ ਦੀਆਂ ਮੰਡੀਆਂ ਲਈ ਰਵਾਨਾ ਹੋਣ ਲੱਗਿਆ ਹੈ।
ਪੰਜਾਬ ਵਿਚ ਫਲਾਂ ਹੇਠ ਰਕਬਾ ਲਗਭਗ 97 ਹਜਾਰ ਹੈਕਟੇਅਰ ਹੈ ਅਤੇ ਇਸ ਵਿਚੋਂ 46841 ਹੈਕਟੇਅਰ ਰਕਬਾ ਕਿਨੂੰ ਦੀ ਕਾਸਤ ਹੇਠ ਹੈ। ਇਸ ਵਿਚੋਂ ਵੀ 38326 ਹੈਕਟੇਅਰ ਕਿਨੂੰ ਸਿਰਫ ਫਾਜਿ਼ਲਕਾ ਜਿ਼ਲ੍ਹਾ ਪੈਦਾ ਕਰਦਾ ਹੈ। ਦੇਸ਼ ਦਾ ਸਭ ਤੋਂ ਬਿਹਤਰ ਕਿਨੂੰ ਫਾਜਿ਼ਲਕਾ ਦੇ ਅਬੋਹਰ ਅਤੇ ਖੂਈਆਂ ਸਰਵਰ ਬਲਾਕਾਂ ਵਿਚ ਹੁੰਦਾ ਹੈ।
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਬੰਪਰ ਪੈਦਾਵਾਰ ਲਈ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਸਿਜਦਾ ਕੀਤਾ ਹੈ ਜੋ ਕਿਨੂੰ ਦੇ ਰਾਹੀਂ ਦੇਸ਼ ਭਰ ਵਿਚ ਫਾਜਿ਼ਲਕਾ ਦਾ ਨਾਂਅ ਰੌਸ਼ਨ ਕਰਦੇ ਹਨ।ਜਿਕਰਯੋਗ ਹੈ ਕਿ ਇਕ ਜਿ਼ਲ੍ਹਾ ਇਕ ਉਤਪਾਦ ਪ੍ਰੋਗਰਾਮ ਤਹਿਤ ਵੀ ਫਾf਼ਜਲਕਾ ਜਿ਼ਲ੍ਹੇ ਦਾ ਉਤਪਾਦ ਕਿਨੂੰ ਹੈ।
ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਜਤਿੰਦਰ ਸਿੰਘ ਅਨੁਸਾਰ ਪਿੱਛਲੇ ਸਾਲ ਜਿੱਥੇ ਕਿਨੂੰ ਦਾ ਔਸਤ ਝਾੜ 125 ਕਿਉਂਟਲ ਪ੍ਰਤੀ ਹੈਕਟੇਅਰ ਸੀ ਜਦ ਕਿ ਇਸ ਵਾਰ ਜਿੰਨ੍ਹਾਂ ਕਿਸਾਨਾਂ ਨੇ ਫਲ ਦੀ ਤੁੜਾਈ ਸ਼ੁਰੂ ਕੀਤੀ ਹੈ ਉਨ੍ਹਾਂ ਅਨੁਸਾਰ ਇਸ ਵਾਰ ਕਿਨੂੰ ਦਾ ਪ੍ਰਤੀ ਹੈਕਟੇਅਰ 350 ਕਿਉਂਟਲ ਨਿਕਲ ਰਿਹਾ ਹੈ।ਇਸ ਸਾਲ ਲਗਭਗ 11 ਲੱਖ ਟਨ ਕਿਨੂੰ ਹੋਣ ਦੀ ਆਸ ਹੈ।
ਕਿਸਾਨਾਂ ਦਾ ਕਹਿਣਾ ਹੈ ਇਸ ਵਾਰ ਬੰਪਰ ਫਸਲ ਦਾ ਕਾਰਨ ਮੌਸਮ ਅਨੁਕੂਲ ਰਹਿਣਾ ਅਤੇ ਕਿਨੂੰ ਦੀ ਸਿੰਚਾਈ ਲਈ ਨਿਯਮਤ ਤੌਰ ਤੇ ਨਹਿਰਾਂ ਦੀਆਂ ਟੇਲਾਂ ਤੱਕ ਪੂਰਾ ਪਾਣੀ ਮਿਲਣਾ ਹੈ। ਕਿਨੂੰ ਇਕ ਅਜਿਹੀ ਫਸਲ ਹੈ ਜਿਸਨੂੰ ਟਿਊਬਵੇਲ ਦਾ ਪਾਣੀ ਨਹੀਂ ਲਗਾਇਆ ਜਾ ਸਕਦਾ ਅਤੇ ਇਹ ਪੂਰੀ ਤਰਾਂ ਨਹਿਰੀ ਪਾਣੀ ਤੇ ਨਿਰਭਰ ਹੈ। ਇਸੇ ਕਾਰਨ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਉਤਪਾਦਨ ਲਗਭਗ ਦੁੱਗਣਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰਾਂ ਨਹਿਰੀ ਪਾਣੀ ਮਿਲਦਾ ਰਹੇ ਤਾਂ ਉਨ੍ਹਾਂ ਦੀਆਂ ਫਸਲਾਂ ਚੰਗੀਆਂ ਹੋਣਗੀਆਂ।

English






