ਐਮ ਐਲ ਏ ਕੁਲਵੰਤ ਸਿੰਘ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 500 ਤੋਂ ਵੱਧ ਡੇਲੀ-ਵੇਜਿਸ ਅਤੇ ਕੰਟ੍ਰੈਕਟ ਸਟਾਫ਼ ਨੂੰ ਉਨ੍ਹਾਂ ਦੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਤੱਕ ਪਹੁੰਚਾਉਣ ਦਾ ਭਰੋਸਾ 

— ਖੁਦ ਬੋਰਡ ਦਫ਼ਤਰ ਜਾ ਕੇ ਲਿਆ ਮੰਗ ਪੱਤਰ
— ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ
ਐਸ ਏ ਐਸ ਨਗਰ, 21 ਦਸੰਬਰ:
ਐਮ ਐਲ ਏ ਐਸ ਏ ਐਸ ਨਗਰ ਕੁਲਵੰਤ ਸਿੰਘ ਨੇ ਅੱਜ ਖੁਦ ਹਾਂ-ਪੱਖੀ ਪਹਿਲ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ. ਨਗਰ ਦੇ 500 ਤੋਂ ਵੱਧ ਡੇਲੀ-ਵੇਜਿਜ਼ ਅਤੇ ਕੰਟ੍ਰੈਕਟ ਸਟਾਫ਼ ਪਾਸੋਂ ਬੋਰਡ ਦਫ਼ਤਰ ਜਾ ਕੇ ਮੰਗ ਪੱਤਰ ਹਾਸਲ ਕੀਤਾ। ਐਮ ਐਲ ਏ ਕੁਲਵੰਤ ਸਿੰਘ ਨੇ ਇਸ ਮੌਕੇ ਰੋਸ ਪ੍ਰਗਟਾਅ ਰਹੇ ਕਰਮਚਾਰੀਆਂ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਉਹ ਸਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਤੋਂ ਉਨ੍ਹਾਂ ਦੇ ਸੈਕਟਰ 79 ਵਿੱਖੇ ਸਥਿਤ ਦਫ਼ਤਰ ਵਿਖੇ ਮੰਗ ਪਾਤਰ ਦੇਣ ਆਉਣਾ ਚਾਹੁੰਦੇ ਹਨ ਤਾਂ ਉਹ ਖੁਦ ਹੀ ਉਨ੍ਹਾਂ ਕੋਲ ਪਹੁੰਚ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਉਣ ਕਾਰਨ ਟ੍ਰੈਫ਼ਿਕ ਜਾਮ ਲੱਗ ਸਕਦਾ ਸੀ, ਜਿਸ ਕਾਰਨ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਆ ਸਕਦੀ ਸੀ, ਇਸ ਲਈ ਉਹ ਖੁਦ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਨ੍ਹਾਂ ਕੋਲ ਪੁੱਜੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਲਗਪਗ ਪਿਛਲੇ 15 ਸਾਲਾਂ ਤੋਂ ਨੌਕਰੀ ਕਰ ਰਹੇ ਇਨ੍ਹਾਂ ਕਰਮਚਾਰੀਆਂ ਵੱਲੋਂ ਬੋਰਡ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਾ ਕਰਨ ਕਾਰਨ ਅੱਜ ਸਮੂਹਿਕ ਛੁੱਟੀ ਲੈ ਕੇ ਪ੍ਰਗਟਾਏ ਰੋਸ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੋਲ ਪਹੁੰਚਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹਰ ਵਰਗ ਸਮੇਤ ਮੁਲਾਜ਼ਮ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਤਤਪਰ ਹੈ, ਜਿਸ ਤਹਿਤ ਉਨ੍ਹਾਂ ਦੀ ਮੰਗ ਨੂੰ ਵੀ ਕਾਨੂੰਨੀ ਪਹਿਲੂ ਤੋਂ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਮੰਗ ਪੱਤਰ ਦੇਣ ਮੌਕੇ ਡੇਲੀਵੇਜ਼ ਕਰਮਚਾਰੀ ਯੂਨੀਅਨ ਦੇ ਨੁਮਾਇੰਦੇ ਰਾਜ ਕੁਮਾਰ ਪ੍ਰਧਾਨ, ਇੰਦਰਜੀਤ ਸਿੰਘ ਜਰਨਲ ਸਕੱਤਰ, ਭਗਵੰਤ ਸਿੰਘ, ਸ੍ਰੀਮਤੀ ਰਾਜਪਾਲ ਕੌਰ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।