ਸਰਟੀਫਾਈਡ ਆਰਗੈਨਿਕ ਕਿਸਾਨ ਹੀ ਮੰਡੀ ਵਿੱਚ ਸਟਾਲ ਲਗਾ ਕੇ ਸਬਜੀਆਂ ਵੇਚਣ ਲਈ ਯੋਗ ਹੋਣਗੇ
ਰੂਪਨਗਰ, 5 ਜਨਵਰੀ 2024
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਉਪਰਾਲੇ ਨਾਲ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਸਰਟੀਫਾਈਡ ਔਰਗੈਨਿਕ ਕਿਸਾਨਾਂ ਦੀ ਹਫਤਾਵਾਰੀ ਮੰਡੀ “ਔਰਗੈਨਿਕ ਮੰਡੀ” ਦੀ ਸ਼ੁਰੂਆਤ 7 ਜਨਵਰੀ ਤੋਂ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀ ਹਰ ਐਤਵਾਰ ਦੁਪਹਿਰ 11 ਤੋਂ 1 ਵਜੇ ਖੇਤੀ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਲਗਾਈ ਜਾਵੇਗੀ। ਇਸ ਮੰਡੀ ਵਿੱਚ ਜ਼ਿਲ੍ਹਾ ਰੂਪਨਗਰ ਤੋਂ ਸਰਟੀਫਾਈਡ ਆਰਗੈਨਿਕ ਕਿਸਾਨ ਮੰਡੀ ਵਿੱਚ ਸਟਾਲ ਲਗਾ ਕੇ ਸਬਜੀਆਂ ਅਤੇ ਹੋਰ ਸਮਾਨ ਵੇਚਣਗੇ।
ਉਨ੍ਹਾਂ ਦੱਸਿਆ ਕਿ ਔਰਗੈਨਿਕ ਮੰਡੀ ਵਿੱਚ ਪੜਾਅਵਾਰ ਵਾਧਾ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਪੌਸ਼ਟਿਕ ਅਤੇ ਕੀਟਨਾਸ਼ਕ ਰਹਿਤ ਸਬਜੀਆਂ ਮੁੱਹਈਆ ਕਰਵਾਈਆਂ ਜਾ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਮੰਡੀ ਵਿੱਚ ਹਰ ਤਰ੍ਹਾਂ ਦੇ ਪ੍ਰੋਡਕਟ ਜਿਵੇਂ ਮੌਸਮੀ ਸਬਜ਼ੀਆਂ, ਫਲ, ਆਟਾ, ਗੁੜ-ਸ਼ੁਕਰ, ਦਾਲਾਂ, ਆਂਡੇ ਤੇ ਕਈ ਤਰ੍ਹਾਂ ਦੀਆਂ ਐਗਜੋਰਟੇਕ ਸਬਜੀਆਂ ਅਤੇ ਸਲਾਦ ਉਪਲਬਧ ਹਨ। ਆਉਂਦੇ ਹਫਤਿਆਂ ਵਿੱਚ ਪੰਜਾਬ ਦੇ ਹੋਰ ਜਿਲਿਆਂ ਤੋਂ ਸਰਟੀਫਾਈਡ ਕਿਸਾਨ ਇਸ ਮੰਡੀ ਵਿੱਚ ਸਟਾਲ ਲਗਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਔਰਗੈਨਿਕ ਸਬਜ਼ੀਆਂ ਦੀ ਮੰਗ ਅਨੁਸਾਰ ਔਰਗੈਨਿਕ ਦੇ ਨਾਲ ਨਾਲ ਹੋਰ ਉਤਪਾਦਾਂ ਦੀ ਸੇਲ ਵਾਸਤੇ ਜ਼ਿਲ੍ਹੇ ਵਿੱਚ ਕਿਸਾਨ ਹੱਟਾਂ ਵੀ ਖੋਲੀਆਂ ਜਾਣਗੀਆਂ। ਜਿਸ ਵਿਚ ਪੰਜਾਬ ਐਗਰੋ ਦੇ ਉਤਪਾਦ ਉਪਲੱਬਧ ਹੋਣਗੇ।
ਡਾ. ਪ੍ਰੀਤੀ ਯਾਦਵ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਗੈਨਿਕ ਖੇਤੀ ਪ੍ਰਤੀ ਕਿਸਾਨਾਂ ਨੂੰ ਹੋਰ ਉਤਸਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਬਾਗਬਾਨੀ ਵਿਭਾਗ ਅਤੇ ਕੇਵੀਕੇ ਦੇ ਸਹਿਯੋਗ ਨਾਲ ਆਉਣ ਵਾਲੇ ਸਮਿਆਂ ਦੇ ਵਿੱਚ ਟ੍ਰੇਨਿੰਗਾਂ ਵੀ ਦਿੱਤੀ ਜਾਵੇਗੀ ਤੇ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ ਤਾਂ ਕਿ ਜਿਲ੍ਹੇ ਦੇ ਵੱਧ ਤੋਂ ਵੱਧ ਕਿਸਾਨ ਕੀਟਨਾਸ਼ਕ ਤੇ ਦਵਾਈਆਂ ਦੀ ਵਰਤੋਂ ਦੀ ਜਗ੍ਹਾ ਕੁਦਰਤੀ ਖੇਤੀ ਵੱਲ ਵਧਣ।
ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਤੋਂ ਬਾਅਦ ਆਮ ਲੋਕਾਂ ਅਤੇ ਕਿਸਾਨਾਂ ਵਲੋਂ ਜੈਵਿਕ (ਖਾਦਾਂ ਅਤੇ ਕੀਟਨਾਸ਼ਕ ਮੁਕਤ) ਖੇਤੀ ਵੱਲ ਕਾਫੀ ਰੁਚੀ ਦਿਖਾਈ ਜਾ ਰਹੀ ਹੈ। ਪਲੀਤ ਹੋ ਰਹੇ ਕੁਦਰਤੀ ਸੋਮਿਆਂ ਅਤੇ ਲੋੜ੍ਹੋਂ ਵੱਧ ਜਹਿਰਾਂ ਦੀ ਵਰਤੋਂ ਨਾਲ ਵਾਤਾਵਰਨ ਅਤੇ ਮਨੁੱਖਾਂ ਉੱਤੇ ਅਸਰ ਬਿਮਾਰੀਆਂ ਦੇ ਰੂਪ ਸਾਹਮਣੇ ਆ ਰਿਹਾ ਹੈ। ਜਿਸ ਤੋਂ ਜ਼ਹਿਰ ਮੁਕਤ ਉਤਪਾਦਾਂ ਅਤੇ ਤਾਜ਼ੀਆਂ ਫਲ-ਸਬਜੀਆਂ ਰਾਹੀਂ ਹੀ ਬਚਿਆ ਜਾ ਸਕਦਾ ਹੈ।

English






