ਸਹਾਇਕ ਕਮਿਸ਼ਨਰ (ਜ) ਨੇ ਡੇਂਗੂ ਅਤੇ ਚਿਕਨਗੁਨੀਆਂ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਲਿਆ ਜਾਇਜ਼ਾ 

Arvindarpal Singh Somal
ਸਹਾਇਕ ਕਮਿਸ਼ਨਰ (ਜ) ਨੇ ਡੇਂਗੂ ਅਤੇ ਚਿਕਨਗੁਨੀਆਂ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਲਿਆ ਜਾਇਜ਼ਾ 
ਰੂਪਨਗਰ, 9 ਅਗਸਤ 2024
ਬਰਸਾਤ ਦੇ ਮੌਸਮ ਦੌਰਾਨ ਡੇਂਗੂ ਅਤੇ ਚਿਕਨਗੁਨੀਆਂ ਤੋਂ ਬਚਾਅ ਸਬੰਧੀ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਡੇਂਗੂ ਅਤੇ ਚਿਕਨਗੁਨੀਆਂ ਦੀ ਰੋਕਥਾਮ ਸਬੰਧੀ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜ) ਨੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ, ਨੰਗਲ ਅਤੇ ਮੋਰਿੰਡਾ ਨੂੰ ਹਦਾਇਤ ਕਰਦਿਆਂ ਡੇਂਗੂ ਲਾਰਵੇ ਦੀ ਜਾਂਚ ਲਈ ਗਠਿਤ ਕੀਤੀਆਂ ਟੀਮਾਂ ਦੀ ਗਿਣਤੀ ਵਿੱਚ ਵਾਧਾ ਕਰਕੇ ਕੰਮ ਕਰਨ ਲਈ ਕਿਹਾ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਸ਼ੁੱਕਰਵਾਰ ਨੂੰ ਡੇਂਗੂ ਲਾਰਵੇ ਲਈ ਗਤੀਵਿਧੀਆਂ ਵਧਾਉਣ ਲਈ ਕਿਹਾ।
ਸ. ਅਰਵਿੰਦਰਪਾਲ ਸਿੰਘ ਸੋਮਲ ਨੇ ਰੂਪਨਗਰ ਸ਼ਹਿਰ ਦੇ ਪਿਛਲੇ ਸਾਲ ਦੇ ਹਾਟਸਪਾਟ ਰਹੇ ਸ਼ੇਖਾਂ ਮੁਹੱਲਾ, ਮਾਤਾ ਰਾਣੀ ਮੁਹੱਲਾ, ਮੀਰਾ ਬਾਈ ਚੌਂਕ, ਬੜੀ ਹਵੇਲੀ, ਗਾਰਡਨ ਕਲੋਨੀ, ਹਵੇਲੀ ਕਲਾਂ ਅਤੇ ਅਲੀ ਮੁਹੱਲਾ ਵਿੱਚ ਅਤੇ ਇਸ ਵਾਰ ਪਿਆਰਾ ਸਿੰਘ ਕਲੋਨੀ ਵਿੱਚ ਡੇਂਗੂ ਦਾ ਕੇਸ ਮਿਲਣ ਤੇ ਲਾਰਵਾਂ ਮਿਲਣ ਵਾਲੀਆਂ ਥਾਂਵਾਂ ਤੇ ਨਿਰੰਤਰ ਫੌਗਿੰਗ ਅਤੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ।
ਇਸ ਤੋਂ ਇਲਾਵਾ ਮੀਟਿੰਗ ਵਿਚ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਦੇ ਮੱਦੇਨਜ਼ਰ ਡੇਂਗੂ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿੰਡ ਪੱਧਰ ’ਤੇ ਮੂਸਤੈਦੀ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਗੁਰੂ ਘਰਾਂ ਤੋਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਡੇਂਗੂ ਅਤੇ ਚਿਕਨਗੁਨੀਆਂ ਤੋਂ ਬਚਾਅ ਸਬੰਧੀ ਜ਼ਰੂਰੀ ਅਹਿਤਿਆਤ ਵਰਤਣ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੱਛਰ ਦੀ ਪੈਦਾਵਾਰ ਨੂੰ ਰੋਕਣ ਲਈ ਨਿਰੰਤਰ ਫੌਗਿੰਗ ਕਰਵਾਈ ਜਾਵੇ।
ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ, ਜ਼ਿਲ੍ਹਾ ਐਪੀਡੇਮਿਲੋਜਿਸਟ ਡਾ. ਪ੍ਰਭਲੀਨ ਕੌਰ ਅਤੇ ਡਾ. ਸੋਨਾਲੀ ਵੋਹਰਾ, ਐਸ.ਐਮ.ਓ. ਸ੍ਰੀ ਅਨੰਦਪੁਰ ਸਾਹਿਬ ਡਾ. ਚਰਨਜੀਤ ਕੁਮਾਰ, ਐਸ.ਐਮ.ਓ. ਸ੍ਰੀ ਚਮਕੌਰ ਸਾਹਿਬ ਡਾ. ਗੋਬਿੰਦ ਟੰਡਨ, ਐਸ.ਐਮ.ਓ. ਕੀਰਤਪੁਰ ਸਾਹਿਬ ਡਾ. ਦਲਜੀਤ ਕੌਰ, ਐਸ.ਐਮ.ਓ. ਭਰਤਗੜ੍ਹ ਡਾ. ਅਨੰਦ ਘਈ, ਆਈ.ਐਮ.ਏ. ਦੇ ਪ੍ਰਧਾਨ ਡਾ. ਜਗਦੀਪ ਚੌਧਰੀ, ਕਾਰਜ ਸਾਧਕ ਅਫਸਰ ਸ੍ਰੀ ਅਨੰਦਪੁਰ ਸਾਹਿਬ ਸ. ਹਰਬਖਸ਼ ਸਿੰਘ, ਡਿਪਟੀ ਡੀ.ਓ. ਸ਼੍ਰੀਮਤੀ ਰੰਜਨਾ ਕਤਿਆਲ, ਸਿੱਖਿਆ ਵਿਭਾਗ ਤੋਂ ਸ. ਹਰਪ੍ਰੀਤ ਸਿੰਘ, ਸਰਕਾਰੀ ਕਾਲਜ ਤੋਂ ਡਾ. ਜਤਿੰਦਰ ਕੁਮਾਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।