ਵਿਧਾਇਕ ਚੱਢਾ ਨੇ ਸਫ਼ਰ-ਏ-ਸ਼ਹਾਦਤ ਮਾਰਗ ਤੇ ਤਕਰੀਬਨ 2 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਚੌਥੀ ਪੁਲੀ ਦਾ ਕੰਮ ਕਰਵਾਇਆ ਸ਼ੁਰੂ

ਇਤਿਹਾਸਿਕ ਗੁਰੁਦੁਆਰਾ ਸਾਹਿਬ ਕੁੰਮਾ ਮਾਸ਼ਕੀ ਵਿਖੇ ਨਤਮਸਤਕ ਕਰਨ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਸ਼ਰਧਾਲੂ: ਵਿਧਾਇਕ ਚੱਢਾ

ਰੂਪਨਗਰ, 13 ਨਵੰਬਰ 2024 

ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੀ ਵਚਨਬੱਧਤਾ ਨਿਭਾਉਂਦੇ ਹੋਏ ਸਫ਼ਰ-ਏ-ਸ਼ਹਾਦਤ ਮਾਰਗ (ਰੋਪੜ ਹੈੱਡਵਰਕਜ਼ ਤੋਂ ਕਟਲੀ, ਪਤਿਆਲਾ,ਲੋਧੀਮਾਜਰਾ-ਗੁਰਦੁਆਰਾ ਸਾਹਿਬ ਕੁੰਮਾ ਮਾਸ਼ਕੀ) ਸੜਕ ਉੱਤੇ ਤਕਰੀਬਨ 2 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਚੌਥੀ ਪੁਲੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।

ਵਿਧਾਇਕ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸ੍ਰੀ ਕੁੰਮਾ ਮਾਸ਼ਕੀ ਵਿਖੇ ਦੇਸ਼ਾਂ ਵਿਦੇਸ਼ਾਂ ਦੇ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ, ਇਸ ਸੜਕ ਨੂੰ ਵੀ ਬਣਾਇਆ ਗਿਆ ਤੇ ਇੱਥੇ ਪਹਿਲਾ 3 ਪੁਲੀਆਂ ਦਾ ਕੰਮ ਜੋ ਕਿ ਲੰਬੇ ਸਮੇਂ ਤੋਂ ਪੈਂਡਿੰਗ ਸੀ ਉਸਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਪੂਰਾ ਕਰਵਾਇਆ ਗਿਆ।

ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਦੱਸਿਆ ਕਿ ਇਸ ਪੁਲੀ ਤੇ ਥੋੜੇ ਸਮਾਂ ਪਹਿਲਾ ਹੀ ਬਹੁਤ ਸਾਰੇ ਸੜਕੀ ਹਾਦਸੇ ਹੋਏ ਹਨ, ਜਿਸ ਕਾਰਨ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਕਈ ਅਪੰਗ ਵੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ 30 ਮੀਟਰ ਲੰਬੀ ਚੌਥੀ ਪੁਲੀ ਨੂੰ ਹੋਰ ਚੌੜਾ ਕਰਨ ਦਾ ਕੰਮ 3 ਮਹੀਨੇ ਵਿੱਚ ਤੱਕ ਪੂਰਾ ਕੀਤਾ ਜਾਵੇਗਾ।

ਐਡਵੋਕੋਟ ਚੱਢਾ ਨੇ ਦੱਸਿਆ ਇਸ ਇਤਿਹਾਸਿਕ ਮਾਰਗ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੂਪਨਗਰ ਅਤੇ ਗੁਜਰਾਤ ਅੰਬੂਜਾ ਸੀਮਿੰਟ ਫੈਕਟਰੀ ਲੱਗੇ ਹੋਏ ਹਨ। ਇਸ ਤੋਂ ਇਲਾਵਾ ਇਸ ਏਰੀਏ ਵਿੱਚ ਲਗਭਗ 20-25 ਪਿੰਡ ਪੈਂਦੇ ਹੋਣ ਕਾਰਨ ਇਹ ਸੜਕ ਉੱਤੇ ਬਹੁਤ ਜਿਆਦਾ ਟਰੈਫਿਕ ਚੱਲਦਾ ਰਹਿੰਦਾ ਹੈ ਜਿਸ ਲਈ ਇਸ ਮਾਰਗ ਦੇ ਸੁਧਾਰ ਦੀ ਬਹੁਤ ਜਿਆਦਾ ਲੋੜ ਸੀ।

ਇਸ ਮੌਕੇ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਇੰਜੀ. ਵਿਵੇਕ ਦੁੜੇਜਾ, ਐਸ.ਡੀ.ਓ. ਇੰਜੀ. ਸੰਜੀਵ ਸ਼ਰਮਾ, ਜੇ.ਈ. ਸ. ਗੁਰਦਿਆਲ ਸਿੰਘ ਅਤੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ, ਪਰਮਿੰਦਰ ਸਿੰਘ ਬਾਲਾ, ਮਲਕੀਤ ਸਿੰਘ ਭੰਗੂ, ਲਲਿਤ ਡਕਾਲਾ, ਸੰਦੀਪ ਜੋਸ਼ੀ, ਸਰਪੰਚ ਜਸਵਿੰਦਰ ਸਿੰਘ ਜੱਸੀ ਖੁਆਸਪੁਰਾ ਤੇ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਹਾਜ਼ਰ ਸਨ।