ਫਾਜ਼ਿਲਕਾ, 13 ਦਸੰਬਰ 2024
ਸਰਕਾਰ ਵੱਲੋਂ ਕਿਸਾਨਾਂ ਦੀ ਸਹੁਲਤ ਲਈ ਪਿੰਡ ਪੱਧਰ ਤੇ ਮਿੱਟੀ ਪਰਖ ਲੈਬੋਰੇਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਸਬੰਧੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਇੱਥੇ ਇੱਕ ਬੈਠਕ ਕੀਤੀ। ਬੈਠਕ ਦੌਰਾਨ ਉਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਬਲਾਕ ਵਿੱਚ ਪੰਜ ਪੰਜ ਅਜਿਹੀਆਂ ਮਿੱਟੀ ਪਰਖ ਲੈਬੋਟਰੀਆਂ ਬਣਾਈਆਂ ਜਾਣਗੀਆਂ ਤਾਂ ਜੋ ਕਿਸਾਨਾਂ ਨੂੰ ਉਨਾਂ ਦੇ ਖੇਤਾਂ ਦੇ ਨਜ਼ਦੀਕ ਹੀ ਮਿੱਟੀ ਪਰਖ ਦੀ ਸਹੂਲਤ ਮਿਲ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਨੋਡਲ ਵਿਭਾਗ ਹੈ ਅਤੇ ਇਹ ਲੈਬੋਰਟਰੀਆਂ ਸਹਿਕਾਰੀ ਸਭਾਵਾਂ ਵਿੱਚ ਸਥਾਪਤ ਕੀਤੀਆਂ ਜਾਣਗੀਆਂ। ਉਨਾਂ ਨੇ ਇਸ ਮੌਕੇ ਕਿਹਾ ਕਿ ਖੇਤੀਬਾੜੀ ਵਿਭਾਗ ਇਸ ਦੇ ਨਾਲ ਹੀ ਮਿੱਟੀ ਦੇ ਜਿਆਦਾ ਤੋਂ ਜਿਆਦਾ ਸੈਂਪਲ ਲੈ ਕੇ ਉਹਨਾਂ ਦੀ ਜਾਂਚ ਕਰਨੀ ਯਕੀਨੀ ਬਣਾਵੇ ਤਾਂ ਜੋ ਕਿਸਾਨ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਖਾਦਾਂ ਦੀ ਵਰਤੋਂ ਕਰ ਸਕਣ ਅਤੇ ਆਪਣੇ ਖਰਚੇ ਘੱਟ ਕਰ ਸਕਣ। ਉਹਨਾਂ ਨੇ ਵਿਭਾਗ ਨੂੰ ਮਿੱਟੀ ਦੀ ਗੁਣਵੱਤਾ ਤੇ ਆਧਾਰ ਤੇ ਜਿਲ੍ਹੇ ਦਾ ਮੈਪ ਬਣਾਉਣ ਅਤੇ ਫਿਰ ਉਸੇ ਅਨੁਸਾਰ ਫਸਲੀ ਚੱਕਰ ਦਾ ਮੈਪ ਬਣਾਉਣ ਦੀ ਹਦਾਇਤ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਲੈਬੋਟਰੀਆਂ ਬਣਨ ਨਾਲ ਕਿਸਾਨਾਂ ਨੂੰ ਬਹੁਤ ਸਹੂਲਤ ਹੋਵੇਗੀ ਕਿਉਂਕਿ ਜਦੋਂ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਕਿਸਾਨ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਬਚ ਜਾਂਦੇ ਹਨ ਅਤੇ ਜਮੀਨ ਦੀ ਸਿਹਤ ਵੀ ਠੀਕ ਰਹਿੰਦੀ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ ਸੰਦੀਪ ਰਿਣਵਾ ਨੇ ਕਿਹਾ ਕਿ ਕਿਸਾਨ ਭਰਾ ਮਿੱਟੀ ਦੀ ਪਰਖ ਜਰੂਰ ਕਰਾਉਣ। ਉਹਨਾਂ ਨੇ ਕਿਹਾ ਕਿ ਫਿਲਹਾਲ ਵੀ ਖੇਤੀਬਾੜੀ ਵਿਭਾਗ ਅਤੇ ਬਾਗਬਾਨੀ ਵਿਭਾਗ ਦੀਆਂ ਭੋਂ ਪਰਖ ਲੈਬੋਟਰੀਆਂ ਚੱਲ ਰਹੀਆਂ ਹਨ ਅਤੇ ਕਿਸਾਨ ਇੱਥੋਂ ਮਿੱਟੀ ਦੀ ਪਰਖ ਕਰਾ ਸਕਦੇ ਹਨ। ਬੈਠਕ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਮੁਖੀ ਡਾ ਅਰਵਿੰਦ ਅਹਿਲਾਵਤ, ਡਾ ਰਜਿੰਦਰ ਸਿੰਘ ਸੋਇਲ ਟੈਸਟਿੰਗ ਅਫਸਰ, ਡਾ ਮਮਤਾ ਖੇਤੀਬਾੜੀ ਅਫਸਰ, ਸਰਬਜੀਤ ਸਿੰਘ ਏਆਰ ਸਹਿਕਾਰੀ ਸਭਾਵਾਂ, ਕੰਵਰਜੀਤ ਕੌਰ ਐਚਡੀ ਓ ਵੀ ਹਾਜ਼ਰ ਸਨ ।

English






