ਏ.ਡੀ.ਸੀ. ਸੋਨਮ ਚੌਧਰੀ ਨੇ ਕਿਹਾ ਕਿ ਪ੍ਰਾਇਮਰੀ ਸਹਿਕਾਰੀ ਸਭਾਵਾਂ ਆਰਥਿਕ ਤੌਰ ‘ਤੇ ਮਜ਼ਬੂਤ ਸੰਸਥਾਵਾਂ ਵਜੋਂ ਉਭਰਨਗੀਆਂ
ਅੰਤਰਰਾਸ਼ਟਰੀ ਸਹਿਕਾਰਤਾ ਸਾਲ ਨਾਲ ਸਬੰਧਤ ਗਤੀਵਿਧੀਆਂ ਉਲੀਕੀਆਂ ਗਈਆਂ
ਐਸ.ਏ.ਐਸ.ਨਗਰ, 30 ਜਨਵਰੀ 2025
ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਆਰਥਿਕ ਤੌਰ ‘ਤੇ ਹੋਰ ਮਜ਼ਬੂਤ ਸੰਸਥਾਵਾਂ ਬਣਾਉਣ ਲਈ ਜ਼ਿਲ੍ਹਾ ਸਹਿਕਾਰੀ ਵਿਕਾਸ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਮੌਜੂਦਾ ਸਹਿਕਾਰੀ ਸਭਾਵਾਂ ਨੂੰ ਹੋਰ ਲਾਭਦਾਇਕ ਅਤੇ ਸਹਿਕਾਰਤਾ ਦੇ ਸਫਲ ਮਾਡਲ ਬਣਾਉਣ ਲਈ ਉਨ੍ਹਾਂ ਵਿੱਚ ਹੋਰ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਫੈਸਲਾ ਕੀਤਾ ਗਿਆ ਕਿ ਸਾਰੀਆਂ 65 ਕਾਰਜਸ਼ੀਲ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਇਕਸਾਰ ਕੰਪਿਊਟਰ ਸਾਫਟਵੇਅਰ ਨਾਲ ਲੈਸ ਕੀਤਾ ਜਾਵੇ। ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ ਵੱਲੋਂ ਏ.ਡੀ.ਸੀ. ਸੋਨਮ ਚੌਧਰੀ ਨੂੰ ਦੱਸਿਆ ਗਿਆ ਕਿ ਹਰੇਕ ਸੁਸਾਇਟੀ ਲਈ ਪ੍ਰਿੰਟਰ ਅਤੇ ਬਾਇਓਮੈਟ੍ਰਿਕ ਸਕੈਨਰ ਵਾਲਾ ਇੱਕ ਡੈਸਕਟਾਪ ਕੰਪਿਊਟਰ ਪਹਿਲਾਂ ਹੀ ਖਰੀਦਿਆ ਜਾ ਚੁੱਕਾ ਹੈ ਅਤੇ ਸਹਿਕਾਰਤਾ ਵਿਭਾਗ, ਪੰਜਾਬ ਜਲਦੀ ਹੀ ਸਾਫਟਵੇਅਰ ਇੰਸਟਾਲੇਸ਼ਨ ਲਈ ਸਿਸਟਮ ਇੰਟੀਗ੍ਰੇਟਰ ਹਾਇਰ ਕਰਨ ਜਾ ਰਿਹਾ ਹੈ।
ਇਸ ਤੋਂ ਇਲਾਵਾ, 65 ਵਿੱਚੋਂ 43 ਸਭਾਵਾਂ ਨੂੰ ਪਹਿਲਾਂ ਹੀ ਆਪਣੇ ਮੈਂਬਰਾਂ ਅਤੇ ਪੇਂਡੂ ਨਾਗਰਿਕਾਂ ਨੂੰ 300 ਤੋਂ ਵੱਧ ਸੇਵਾਵਾਂ ਪ੍ਰਦਾਨ ਕਰਨ ਲਈ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਧੀਨ ਸੀ ਐੱਸ ਸੀ ਵਜੋਂ ਸੇਵਾਵਾਂ ਦੇਣ ਲਈ ਸ਼ਾਰਟਲਿਸਟ ਕੀਤਾ ਜਾ ਚੁੱਕਾ ਹੈ। ਹੁਣ ਤੱਕ, 33 ਸਭਾਵਾਂ ਨੇ ਸੀ ਐੱਸ ਸੀ ਕੇਂਦਰਾਂ ਵਜੋਂ ਕੰਮ ਸ਼ੁਰੂ ਕੀਤਾ ਹੈ।
ਇਸ ਤੋਂ ਇਲਾਵਾ, ਉਹਨਾਂ ਖੇਤਰਾਂ, ਜਿੱਥੇ ਅਜੇ ਤੱਕ ਐਫ ਪੀ ਓ (ਕਿਸਾਨ ਉਤਪਾਦਕ ਸਮੂਹ) ਨਹੀਂ ਬਣੇ ਹਨ, ਵਿੱਚ ਐਫ਼ ਪੀ ਓ ਬਣਾਉਣ ਲਈ ਮਾਜਰੀ ਬਲਾਕ ਵਿੱਚ ਸਿਆਲਬਾ ਸਭਾ ਨੂੰ ਐਫ ਪੀ ਓ ਵਜੋਂ ਮਨੋਨੀਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਉਨ੍ਹਾਂ ਖੇਤੀਬਾੜੀ ਸਭਾਵਾਂ ਤੋਂ ਪ੍ਰਸਤਾਵਾਂ ਦੀ ਵੀ ਮੰਗ ਕੀਤੀ ਗਈ ਸੀ ਜੋ ਪੈਟਰੋਲ/ਡੀਜ਼ਲ ਪੰਪ ਲਗਾਉਣ ਲਈ ਸ਼ਰਤਾਂ ਨੂੰ ਪੂਰਾ ਕਰਦੀਆਂ ਹਨ।
ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਵੀ ਜਨ ਔਸ਼ਧੀ ਕੇਂਦਰ ਸਥਾਪਤ ਕਰਨ ਦੀ ਲੜੀ ਤਹਿਤ, ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਉਪਰੰਤ ਜਲਦੀ ਹੀ ਖਰੜ ਮਾਰਕੀਟਿੰਗ ਸੁਸਾਇਟੀ ਵਿੱਚ ਪਹਿਲਾ ਜਨ ਔਸ਼ਧੀ ਕੇਂਦਰ ਚਾਲੂ ਕਰ ਦਿੱਤਾ ਜਾਵੇਗਾ। ਡਿਪਟੀ ਰਜਿਸਟਰਾਰ ਗੁਰਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਫਾਰਮਾ ਸਟੋਰ ਚਲਾਉਣ ਲਈ ਲਾਇਸੈਂਸ ਪਹਿਲਾਂ ਹੀ ਹਾਸਲ ਕੀਤਾ ਜਾ ਚੁੱਕਾ ਹੈ।
ਇਸੇ ਤਰ੍ਹਾਂ ਜ਼ਿਲ੍ਹੇ ਦੀਆਂ 20 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੇ ਖਾਦ ਵੰਡਣ ਲਈ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰਾਂ ਵਜੋਂ ਕੰਮ ਕਰਨ ਦੀ ਹਾਮੀ ਭਰੀ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਤਿੰਨ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੇ ਨਿਰਯਾਤ ਲਈ ਰਾਸ਼ਟਰੀ ਪੱਧਰ ਦੀ ਬਹੁ-ਰਾਜੀ ਸਹਿਕਾਰੀ ਸਭਾ ਦੇ ਮੈਂਬਰ ਬਣਨ ਲਈ ਅਰਜ਼ੀਆਂ ਦਿੱਤੀਆਂ ਹਨ। ਜ਼ਿਲ੍ਹੇ ਦੀਆਂ 10 ਖੇਤੀਬਾੜੀ ਸਭਾਵਾਂ ਨੇ ਪ੍ਰਮਾਣਿਤ ਬੀਜਾਂ ਲਈ ਰਾਸ਼ਟਰੀ ਪੱਧਰ ਦੀ ਮਲਟੀਸਟੇਟ ਕੋਆਪਰੇਟਿਵ ਸੋਸਾਇਟੀ ਦੇ ਮੈਂਬਰ ਬਣਨ ਲਈ ਸਹਿਮਤੀ ਦਿੱਤੀ ਹੈ ਜਦੋਂ ਕਿ ਇਕ ਸਭਾ ਨੇ ਜੈਵਿਕ ਖੇਤੀ ਲਈ ਰਾਸ਼ਟਰੀ ਪੱਧਰ ਦੀ ਮਲਟੀਸਟੇਟ ਕੋਆਪਰੇਟਿਵ ਸੋਸਾਇਟੀ ਦਾਐਂਬਰ ਬਣਨ ਲਈ ਅਰਜ਼ੀ ਦਿੱਤੀ ਹੈ।
ਇਸ ਤੋਂ ਇਲਾਵਾ ਮੌਜੂਦਾ ਸਾਲ ਨੂੰ ਅੰਤਰਰਾਸ਼ਟਰੀ ਸਹਿਕਾਰਤਾ ਸਾਲ ਵਜੋਂ ਮਨਾਉਣ ਲਈ ਜ਼ਿਲ੍ਹੇ ਭਰ ਵਿੱਚ ਕਈ ਸਮਾਗਮ ਕੀਤੇ ਜਾਣਗੇ ਜੋ ਕਿ ਦਸੰਬਰ ਤੱਕ ਚੱਲਣਗੇ।

English






