ਨਗਰ ਕੌਂਸਲ ਵੱਲੋਂ 74 ਲੱਖ ਰੁਪਏ ਦੀ ਲਾਗਤ ਨਾਲ ਕੰਮ ਜਾਰੀ, ਸੁਪਰ ਸੈਕਸ਼ਨ ਮਸ਼ੀਨਾਂ ਨਾਲ ਹੋ ਰਹੀ ਸਫਾਈ
ਫਾਜ਼ਿਲਕਾ: 14 ਜੂਨ 2025
ਫਾਜ਼ਿਲਕਾ ਸ਼ਹਿਰ ਵਾਸੀਆਂ ਨੂੰ ਬਰਸਾਤੀ ਮੌਸਮ ਦੌਰਾਨ ਪਾਣੀ ਭਰਾਅ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਉਪਰਾਲਿਆਂ ਦੇ ਤਹਿਤ ਸੀਵਰੇਜ ਲਾਈਨਾਂ ਦੀ ਪੂਰੀ ਤਰ੍ਹਾਂ ਸਫਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇਥੇ ਪ੍ਰੈਸ ਨੂੰ ਫਾਜ਼ਿਲਕਾ ਵਿਧਾਇਕ ਸ. ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫਾਜ਼ਿਲਕਾ ਵੱਲੋਂ 74 ਲੱਖ ਰੁਪਏ ਦੀ ਲਾਗਤ ਨਾਲ ਇਸ ਕੰਮ ਲਈ ਟੈਂਡਰ ਲਗਾਏ ਗਏ ਸਨ, ਜੋ ਕਿ ਪੂਰੇ ਤੌਰ ‘ਤੇ ਪਾਰਦਰਸ਼ੀ ਤਰੀਕੇ ਨਾਲ ਕੀਤੇ ਗਏ। ਟੈਂਡਰ ਦੀ ਪ੍ਰਕਿਰਿਆ ਮੱਕਮਲ ਹੋਣ ਉਪਰੰਤ ਹੁਣ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਵਿਧਾਇਕ ਸਵਨਾ ਨੇ ਦੱਸਿਆ ਕਿ ਇਹ ਕੰਮ ਸੁਪਰ ਸੈਕਸ਼ਨ ਮਸ਼ੀਨਾਂ ਰਾਹੀਂ ਕਰਵਾਇਆ ਜਾ ਰਿਹਾ ਹੈ, ਜੋ ਕਿ ਨਵੀਨਤਮ ਤਕਨੀਕ ਨਾਲ ਲੈਸ ਹਨ ਅਤੇ ਸੀਵਰੇਜ ਦੀ ਬੰਦ ਹੋਈ ਲਾਈਨਾਂ ਨੂੰ ਅਸਾਨੀ ਨਾਲ ਖੋਲ੍ਹਣ ਵਿੱਚ ਸਖ਼ਤ ਤੌਰ ‘ਤੇ ਕਾਰਗਰ ਹਨ। ਕੰਮ ਦੀ ਸ਼ੁਰੂਆਤ ਰਾਮ ਮੰਦਰ ਫਾਜ਼ਿਲਕਾ ਨੇੜਿਓਂ ਕੀਤੀ ਗਈ ਹੈ ਅਤੇ ਆਉਣ ਵਾਲੇ ਇੱਕ ਮਹੀਨੇ ਦੇ ਅੰਦਰ ਅੰਦਰ ਪੂਰੇ ਸ਼ਹਿਰ ਦੀ ਸੀਵਰੇਜ ਸਿਸਟਮ ਦੀ ਸਫਾਈ ਪੂਰੀ ਕਰ ਲਈ ਜਾਵੇਗੀ।
ਉਨ੍ਹਾਂ ਆਖਿਆ ਕਿ ਸਰਕਾਰ ਅਤੇ ਨਗਰ ਕੌਂਸਲ ਵੱਲੋਂ ਫਾਜ਼ਿਲਕਾ ਦੀ ਬਿਹਤਰੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹ ਕੰਮ ਲੋਕਾਂ ਦੀ ਸਿਹਤ ਅਤੇ ਸਫਾਈ ਸੰਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਾਂਹ ਵਧਾਇਆ ਗਿਆ ਹੈ।
ਅੰਤ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਉਹ ਸਹਿਯੋਗ ਦੇਣ ਅਤੇ ਸਫਾਈ ਦੌਰਾਨ ਹੋਣ ਵਾਲੀਆਂ ਆਸਥਾਈ ਅਸੁਵਿਧਾਵਾਂ ਲਈ ਸਹਿਣਸ਼ੀਲਤਾ ਬਣਾਈ ਰੱਖਣ।
ਵਿਧਾਇਕ ਨੇ ਕਿਹਾ ਕਿ ਸੂਬਾ ਸਰਕਾਰ ਸ਼ਹਿਰ ਵਾਸੀਆਂ ਨੂੰ ਸਾਰੀਆਂ ਮੁਢਲੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਬਚਨਵੱਧ ਹੈ ਅਤੇ ਇਸੇ ਲੜੀ ਤਹਿਤ ਪ੍ਰਸ਼ਾਸਨ ਵੱਲੋਂ ਇਹ ਉਪਰਾਲੇ ਆਰੰਭ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਫ਼ਾਈ ਪ੍ਰਕਿਰਿਆ ਦੀ ਨੇੜਿਓਂ ਨਜ਼ਰਸਾਨੀ ਕਰਨ ਅਤੇ ਯਕੀਨੀ ਬਣਾਉਣ ਤੇ ਕੋਈ ਵੀ ਇਲਾਕਾ ਸਫਾਈ ਤੋਂ ਵਾਂਝਾ ਨਾ ਰਹੇ।

English






