ਗਮਾਡਾ ਨੇ ਏਅਰੋਸਿਟੀ ਦੇ ਐਸ.ਸੀ.ਓਜ਼ ਅਤੇ ਬੇਅ ਸ਼ਾਪਜ਼ ਦਾ ਨੰਬਰਿੰਗ ਡਰਾਅ ਕੱਢਿਆ

ਹੁਣ ਅਲਾਟੀ ਉਸਾਰੀ ਪਿੱਛੋਂ ਆਪਣੀਆਂ ਵਪਾਰਕ ਗਤੀਵਿਧੀਆਂ ਸ਼ੁਰੂ ਕਰ ਸਕਣਗੇ: ਹਰਦੀਪ ਸਿੰਘ ਮੁੰਡੀਆਂ

ਚੰਡੀਗੜ੍ਹ/ਐਸ.ਏ.ਐਸ. ਨਗਰ, 14 ਅਗਸਤ 2025

ਐਰੋਸਿਟੀ ਪ੍ਰਾਜੈਕਟ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਮਾਲਕਾਂ/ਰੀ-ਅਲਾਟੀਆਂ ਦੀ ਪੰਦਰਾਂ ਸਾਲਾਂ ਦੀ ਉਡੀਕ ਖ਼ਤਮ ਕਰਦਿਆਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਅੱਜ ਸਬੰਧਤ ਮਾਲਕਾਂ/ਰੀ-ਅਲਾਟੀਆਂ ਨੂੰ ਪਹਿਲਾਂ ਅਲਾਟ ਕੀਤੇ ਐਸ.ਸੀ.ਓਜ਼ ਅਤੇ ਬੇਅ ਸ਼ਾਪਜ਼ ਦਾ ਨੰਬਰਿੰਗ ਡਰਾਅ ਕੱਢਿਆ। ਇਹ ਡਰਾਅ ਸੈਕਟਰ 88, ਐਸ.ਏ.ਐਸ. ਨਗਰ ਦੇ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੇ ਕਮਿਊਨਿਟੀ ਸੈਂਟਰ ਵਿੱਚ ਰੱਖਿਆ ਗਿਆ ਸੀ।

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਇਹ ਨੰਬਰਿੰਗ ਡਰਾਅ 100 ਵਰਗ ਗਜ਼ ਦੇ 166 ਐਸ.ਸੀ.ਓਜ਼, 121 ਵਰਗ ਗਜ਼ ਦੇ 159 ਐਸ.ਸੀ.ਓਜ਼ ਅਤੇ 60 ਵਰਗ ਗਜ਼ ਦੀਆਂ 167 ਬੇਅ ਸ਼ਾਪਜ਼ ਲਈ ਕੱਢਿਆ ਗਿਆ।

ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਦਾ ਡਰਾਅ ਜ਼ਮੀਨ ਮਾਲਕਾਂ ਨੂੰ ਵਧੇਰੇ ਰਾਹਤ ਪ੍ਰਦਾਨ ਕਰੇਗਾ ਕਿਉਂਕਿ ਉਹ ਲੰਬੇ ਸਮੇਂ ਤੋਂ ਇਨ੍ਹਾਂ ਐਸ.ਸੀ.ਓਜ਼ ਅਤੇ ਬੇਅ ਸ਼ਾਪਜ਼ ਵਾਸਤੇ ਨੰਬਰ ਅਲਾਟ ਹੋਣ ਦੀ ਉਡੀਕ ਕਰ ਰਹੇ ਸਨ।

ਅਲਾਟੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਸ ਡਰਾਅ ਨੇ ਅਲਾਟੀਆਂ ਵਾਸਤੇ ਉਸਾਰੀ ਤੋਂ ਬਾਅਦ ਵਪਾਰਕ ਗਤੀਵਿਧੀਆਂ ਸ਼ੁਰੂ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।

ਕੈਬਨਿਟ ਮੰਤਰੀ ਨੇ ਉਚੇਚੇ ਤੌਰ ‘ਤੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰੇਕ ਭਾਈਚਾਰੇ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਲੋਕ ਭਲਾਈ ਦੇ ਹੋਰ ਕਦਮ ਚੁੱਕੇ ਜਾਣਗੇ।

ਐਸ.ਸੀ.ਓਜ਼ ਅਤੇ ਬੇਅ ਸ਼ਾਪਜ਼ ਦੀ ਅਲਾਟਮੈਂਟ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸ਼ਰਨਪ੍ਰੀਤ ਸਿੰਘ, ਦੇਵਾਂਸ਼ ਤ੍ਰੇਹਨ ਅਤੇ ਵਿਵੇਕ ਬਾਂਸਲ ਨੇ ਕਿਹਾ ਕਿ ਉਹ ਡਰਾਅ ਦੇ ਨਤੀਜੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਹੁਣ ਜਲਦੀ ਹੀ ਆਪਣੇ ਵਪਾਰਕ ਉੱਦਮ ਸ਼ੁਰੂ ਕਰ ਸਕਣਗੇ।

ਡਰਾਅ ਕੱਢਣ ਦੇ ਕਾਰਜ ਦੀ ਨਿਗਰਾਨੀ ਕਰਨ ਲਈ ਮੁੱਖ ਪ੍ਰਸ਼ਾਸਕ ਗਮਾਡਾ ਸ੍ਰੀ ਵਿਸ਼ੇਸ਼ ਸਾਰੰਗਲ, ਵਧੀਕ ਮੁੱਖ ਪ੍ਰਸ਼ਾਸਕ ਗਮਾਡ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਅਸਟੇਟ ਅਫਸਰ (ਪਲਾਟ) ਸ੍ਰੀ ਰਵਿੰਦਰ ਸਿੰਘ ਮੌਕੇ ‘ਤੇ ਮੌਜੂਦ ਰਹੇ।