ਅੰਮ੍ਰਿਤਸਰ ਵਿੱਚ ਡਰੋਨ ਰਾਹੀਂ ਭੇਜੀ 12 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ

— ਹੀਰੋਇਨ ਦੀ ਇਹ ਖੇਪ ਪਿੰਡ ਡਾਲੇਕੇ ਨੇੜੇ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ ਹੈ: ਡੀਜੀਪੀ ਗੌਰਵ ਯਾਦਵ*
— ਉਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਸੰਭਾਵਿਤ ਤੌਰ ‘ਤੇ ਇਹ ਖੇਪ ਪ੍ਰਾਪਤ ਕੀਤੀ ਜਾਣੀ ਸੀ: ਐਸਪੀ ਏਐਨਟੀਐਫ ਗੁਰਪ੍ਰੀਤ ਸਿੰਘ

ਚੰਡੀਗੜ੍ਹ/ਅੰਮ੍ਰਿਤਸਰ, 23 ਦਸੰਬਰ 2025

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਬਾਰਡਰ ਰੇਂਜ ਵੱਲੋਂ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਤਾਲਮੇਲ ਨਾਲ, ਪਿੰਡ ਡਾਲੇਕੇ, ਲੋਪੋਕੇ, ਅੰਮ੍ਰਿਤਸਰ ਨੇੜਿਓਂ ਲਗਭਗ 12.050 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਡੀਜੀਪੀ ਨੇ ਕਿਹਾ ਕਿ ਪਛਾਣੇ ਗਏ ਸੰਵੇਦਨਸ਼ੀਲ ਸਥਾਨਾਂ ਦੀ ਨਿਯਮਤ ਗਸ਼ਤ ਦੌਰਾਨ, ਡਾਲੇਕੇ ਪਿੰਡ ਦੇ ਖੇਤਰ ਨੇੜੇ ਖੇਤਾਂ ਵਿੱਚ ਡਰੋਨ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ।

ਉਨ੍ਹਾਂ ਦੱਸਿਆ ਕਿ ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ, ਐਸਪੀ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਏਐਨਟੀਐਫ ਦੀਆਂ ਸਾਂਝੀਆਂ ਟੀਮਾਂ ਨੇ ਸ਼ੱਕੀ ਸਥਾਨ ਦੀ ਯੋਜਨਾਬੱਧ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ, ਪਿੰਡ ਡਾਲੇਕੇ ਨੇੜਿਓਂ ਖੇਤਾਂ ਵਿੱਚੋਂ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ ਗਈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦਾ ਕੁੱਲ ਵਜ਼ਨ, ਜਿਸ ਵਿੱਚ ਪੈਕੇਜਿੰਗ ਸਮੱਗਰੀ ਵੀ ਸ਼ਾਮਲ ਹੈ, 12.050 ਕਿਲੋਗ੍ਰਾਮ ਪਾਇਆ ਗਿਆ।

ਹੋਰ ਵੇਰਵੇ ਸਾਂਝੇ ਕਰਦਿਆਂ, ਐਸਪੀ ਏਐਨਟੀਐਫ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਕਨੀਕੀ ਸਬੂਤਾਂ ਅਤੇ ਖੁਫੀਆ ਮਨੁੱਖੀ ਜਾਣਕਾਰੀ ਦੇ ਆਧਾਰ ‘ਤੇ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਮੁੱਢਲੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀਆਂ, ਜਿਨ੍ਹਾਂ ਵੱਲੋਂ ਸੰਭਾਵਿਤ ਤੌਰ ‘ਤੇ ਇਹ ਖੇਪ ਪ੍ਰਾਪਤ ਕੀਤੀ ਜਾਣੀ ਸੀ, ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ, ਐਫਆਈਆਰ ਨੰਬਰ 322 ਮਿਤੀ 22/12/2025 ਨੂੰ ਥਾਣਾ ਏਐਨਟੀਐਫ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 (ਸੀ) ਅਤੇ 29 ਤਹਿਤ ਦਰਜ ਕੀਤੀ ਗਈ ਹੈ।