ਜ਼ਮੀਨੀ ਹਕੀਕਤ ਅਨੁਸਾਰ ਕੇਂਦਰੀ ਸਕੀਮਾਂ ਤਹਿਤ ਰਾਜਾਂ ਨੂੰ ਵਧੇਰੇ ਫੰਡ ਦਿੱਤੇ ਜਾਣ: ਐਮ ਪੀ ਮਾਲਵਿੰਦਰ ਸਿੰਘ ਕੰਗ
ਐਮ ਪੀ ਲੈਡ ਫੰਡਾਂ ਦੀ ਸਮਾਂ-ਬੱਧ ਅਤੇ ਇਮਾਨਦਾਰੀ ਨਾਲ ਵਰਤੋਂ ਯਕੀਨੀ ਬਣਾਈ ਜਾਵੇ: ਐਮ ਪੀ ਕੰਗ
ਵਿਕਾਸ ਯੋਜਨਾਵਾਂ ਨੂੰ ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ਨਾਲ ਲਾਗੂ ਕੀਤਾ ਜਾਵੇ, ਐਮ ਪੀ ਕੰਗ ਵੱਲੋਂ ਅਧਿਕਾਰੀਆਂ ਨੂੰ ਹਦਾਇਤ
ਮੋਹਾਲੀ ਵਿਖੇ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ (ਦਿਸ਼ਾ) ਦੀ ਮੀਟਿੰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਦਸੰਬਰ 2025
ਉਨ੍ਹਾਂ ਕਿਹਾ, “ਨਾਮ ਬਦਲਣ ਜਿਹੀਆਂ ਤਬਦੀਲੀਆਂ ਦੀ ਥਾਂ ਮੌਜੂਦਾ ਢਾਂਚੇ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਧੇਰੇ ਲੋਕਾਂ ਅਤੇ ਰਾਜਾਂ ਨੂੰ ਲਾਭ ਮਿਲ ਸਕੇ। ਨਵਾਂ ਮਾਡਲ ਰਾਜਾਂ ’ਤੇ ਵਿੱਤੀ ਬੋਝ ਵਧਾ ਰਿਹਾ ਹੈ, ਜਦਕਿ ਕਈ ਰਾਜ ਪਹਿਲਾਂ ਹੀ ਸੀਮਿਤ ਸਰੋਤਾਂ ਨਾਲ ਜੂਝ ਰਹੇ ਹਨ।”
ਐਮ ਪੀ ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਫ਼ੈਸਲੇ ਵਿਰੁੱਧ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੰਸਦ ਵਿੱਚ ਵੀ ਮਨਰੇਗਾ ਦਾ ਸਰੂਪ ਬਦਲ ਕੇ ਰਾਜਾਂ ਤੇ ਵਿੱਤੀ ਬੋਝ ਵਧਾਉਣ ਅਤੇ ਕੇਂਦਰ ਸਰਕਾਰ ਦੇ ਸੰਘੀ ਢਾਂਚੇ ਵਿਰੋਧੀ ਰੁਖ ਖ਼ਿਲਾਫ਼ ਮਜ਼ਬੂਤੀ ਨਾਲ ਆਵਾਜ਼ ਉਠਾਈ ਹੈ।
ਦਿਸ਼ਾ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਪ੍ਰਾਯੋਜਿਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਸਮੀਖਿਆ ਕਰਦਿਆਂ ਐਮ ਪੀ ਕੰਗ ਨੇ ਕਿਹਾ ਕਿ ਰਾਜਾਂ ਲਈ ਮੌਜੂਦਾ ਫੰਡ ਵੰਡ ਬਿਲਕੁਲ ਨਾਕਾਫ਼ੀ ਹੈ। ਉਨ੍ਹਾਂ ਕਿਹਾ, “ਜ਼ਮੀਨੀ ਪੱਧਰ ’ਤੇ ਲੋੜਾਂ ਦੇ ਅਨੁਸਾਰ ਕੇਂਦਰ ਵੱਲੋਂ ਫੰਡਿੰਗ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਵਰਗੇ ਰਾਜ, ਜੋ ਦੇਸ਼ ਦੀ ਅੰਨ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਉਨ੍ਹਾਂ ਪ੍ਰਤੀ ਕੇਂਦਰ ਸਰਕਾਰ ਨੂੰ ਵਧੇਰੇ ਸਹਿਯੋਗੀ ਅਤੇ ਸੰਵੇਦਨਸ਼ੀਲ ਰਵੱਈਆ ਅਪਣਾਉਣਾ ਚਾਹੀਦਾ ਹੈ।”
ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਐਮ ਪੀ ਕੰਗ ਨੇ ਸੰਸਦ ਮੈਂਬਰ ਲੋਕਲ ਏਰੀਆ ਡਿਵੈਲਪਮੈਂਟ (ਐਮ ਪੀ ਲੈਡ) ਫੰਡਾਂ ਦੀ ਵਰਤੋਂ ਵਿੱਚ ਮਾਨਵੀ ਅਤੇ ਲੋਕ-ਕੇਂਦਰਿਤ ਦ੍ਰਿਸ਼ਟੀਕੋਣ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਗ੍ਰਾਂਟਾਂ ਸਮਾਂ-ਬੱਧ, ਪਾਰਦਰਸ਼ੀ ਅਤੇ ਇਮਾਨਦਾਰਾਨਾ ਢੰਗ ਨਾਲ ਵਰਤੀਆਂ ਜਾਣ ਤਾਂ ਜੋ ਲੋਕਾਂ ਦੀਆਂ ਤੁਰੰਤ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।
ਐਮ ਪੀ ਨੇ ਸਿਹਤ ਅਤੇ ਪਰਿਵਾਰ ਭਲਾਈ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਸਥਾਨਕ ਸਰਕਾਰਾਂ, ਮਹਿਲਾ ਅਤੇ ਬਾਲ ਵਿਕਾਸ, ਪੀਣ ਵਾਲਾ ਪਾਣੀ, ਠੋਸ ਅਤੇ ਤਰਲ ਕਚਰਾ ਪ੍ਰਬੰਧਨ, ਮਾਈਕ੍ਰੋ-ਇਰੀਗੇਸ਼ਨ, ਫ਼ਸਲ ਰਹਿੰਦ-ਖੂਹੰਦ ਪ੍ਰਬੰਧਨ (ਪਰਾਲੀ ਸਮਾਭਲ) ਮਸ਼ੀਨਰੀ, ਵੱਖ-ਵੱਖ ਸਬਸਿਡੀ ਯੋਜਨਾਵਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ ਅਤੇ ਗ੍ਰਾਮੀਣ), ਮਨਰੇਗਾ, ਗ੍ਰਾਮ ਸੜਕ ਯੋਜਨਾ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਆਦਿ ਦੀ ਵਿਸਥਾਰ ਨਾਲ ਸਮੀਖਿਆ ਕੀਤੀ।
ਉਨ੍ਹਾਂ ਨੇ ਖਰੜ ਲਈ ਕਜੌਲੀ ਪਾਣੀ ਸਪਲਾਈ ਪ੍ਰੋਜੈਕਟ, ਜੈਯੰਤੀ ਕੀ ਰਾਓ ’ਤੇ ਮਾਨਸੂਨ ਦੌਰਾਨ ਆਵਾਜਾਈ ਸੁਚਾਰੂ ਬਣਾਈ ਰੱਖਣ ਲਈ ਉੱਚ ਪੱਧਰੀ ਪੁਲਾਂ ਦੀ ਲੋੜ, ਅਤੇ ਐਮ ਪੀ ਲੈਡ ਫੰਡਾਂ ਅਧੀਨ ਚੱਲ ਰਹੇ ਕੰਮਾਂ ’ਤੇ ਵਿਸ਼ੇਸ਼ ਪੁੱਛ ਗਿੱਛ ਕੀਤੀ। ਐਮ ਪੀ ਕੰਗ ਨੇ ਨਵਾਂ ਗਾਉਂ ਵਿੱਚ ਵਿਕਾਸ ਕੰਮ ਤੇਜ਼ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਲਾਕੇ ਦੀ ਵਧਦੀ ਆਬਾਦੀ ਕਾਰਨ ਇੱਥੇ ਮੁਢਲੀਆਂ ਨਾਗਰਿਕ ਲੋੜਾਂ ‘ਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਐਮ ਪੀ ਕੰਗ ਨੂੰ ਭਰੋਸਾ ਦਿਵਾਇਆ ਕਿ ਸਾਰੇ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਫੰਡਾਂ ਦੀ ਵਰਤੋਂ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਤਰਜੀਹੀ ਅਧਾਰ ’ਤੇ ਦੂਰ ਕੀਤਾ ਜਾ ਰਿਹਾ ਹੈ ਅਤੇ ਗੁਣਵੱਤਾ ਤੇ ਨਿਰਧਾਰਤ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਪੂਰੇ ਨਿਗਰਾਨ ਪ੍ਰਬੰਧ ਲਾਗੂ ਹਨ।
ਮੀਟਿੰਗ ਵਿੱਚ ਏ ਡੀ ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਢਿੱਲੋਂ, ਏ ਡੀ ਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ, ਐਸ ਡੀ ਐਮ ਮੋਹਾਲੀ ਦਮਨਦੀਪ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

English





