ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਮੀਟਿੰਗ ਵੱਲੋਂ ਅਕਾਲੀ ਦਲ ਦਾ ਜਥੇਬੰਦਕ ਢਾਂਚਾ 10 ਫਰਵਰੀ ਤੱਕ ਮੁਕੰਮਲ ਕਰਨ ਦਾ ਵੀ ਫੈਸਲਾ
ਚੰਡੀਗੜ੍ਹ, 24 ਜਨਵਰੀ 2026
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਵੱਲੋਂ ਅਗਲੇ ਮਹੀਨੇ ਤੋਂ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਰੈਲੀਆਂ ਕਰ ਕੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਵਿਚ ਅਕਾਲੀ ਦਲ ਵੱਲੋਂ ਨਿਭਾਈ ਭੂਮਿਕਾ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਨਾਲ ਹੀ ਸੂਬੇ ਵਿਚ 2027 ਵਿਚ ਸਰਕਾਰ ਬਣਨ ’ਤੇ ਸੂਬੇ ਲਈ ਦੂਰਅੰਦੇਸ਼ੀ ਸੋਚ ਤੋਂ ਵੀ ਜਾਣੂ ਕਰਵਾਇਆ ਜਾਵੇਗਾ।
ਇਹ ਫੈਸਲਾ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜਾਂ ਦੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।
ਇਸ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਵਿਚ ਜ਼ੋਰ ਦੇ ਕੇ ਕਿਹਾ ਕਿ ਸਮੇਂ ਦੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਸੂਬੇ ਵਿਚ ਅਣਕਿਆਸਾ ਵਿਕਾਸ ਕੀਤਾ ਹੈ ਭਾਵੇਂ ਉਹ ਸੂਬੇ ਨੂੰ ਬਿਜਲੀ ਸਰਪਲੱਸ ਬਣਾਉਣ ਦਾ ਮਾਮਲਾ ਹੋਵੇ, ਸਾਰੇ ਸ਼ਹਿਰਾਂ ਨੂੰ ਚਹੁੰ ਮਾਰਗੀ ਸੜਕਾਂ ਨਾਲ ਜੋੜਨ, ਨਵੇਂ ਥਰਮਲ ਪਲਾਂਟ ਅਤੇ ਹਵਾਈ ਅੱਡੇ ਸਥਾਪਿਤ ਕਰਨ ਜਾਂ ਫਿਰ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦਾ ਹੋਵੇ।
ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਅਤੇ ਮੌਜੂਦਾ ਆਮ ਆਦਮੀ ਪਾਰਟੀ (ਆਪ) ਦੋਵਾਂ ਸਰਕਾਰਾਂ ਨੇ ਬੁਨਿਆਦੀ ਢਾਂਚੇ ਦਾ ਇਕ ਵੀ ਨਵਾਂ ਢਾਂਚੇ ਖੜ੍ਹਾ ਨਹੀਂ ਕੀਤਾ ਜਿਸ ਕਾਰਨ ਸੂਬੇ ਨੂੰ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਸੂਬੇ ਵਿਚ ਮੁੜ ਤੋਂ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਅਤੇ ਬੁਨਿਆਦੀ ਢਾਂਚੇ ਦੀ ਸਿਰਜਣਾ ਨਾਲ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਦੇ ਦ੍ਰਿੜ੍ਹ ਹਾਂ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਨੂੰ ਅਪੀਲ ਕਰੇਗਾ ਕਿ ਉਹ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਅਕਾਲੀ ਦਲ ਆਪ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਅਤੇ ਫੈਸਲਿਆਂ ਖਿਲਾਫ ਲੋਕ ਲਹਿਰ ਵੀ ਖੜ੍ਹੀ ਕਰੇਗਾ।ਅਸੀਂ ਪੰਜਾਬੀਆਂ ਨੂੰ ਭਰੋਸਾ ਦੁਆਉਂਦੇ ਹਾਂ ਕਿ ਪੰਜਾਬ ਨੂੰ ਮੌਜੂਦਾ ਕਾਨੂੰਨ ਹੀਣਤਾ ਦੇ ਦੌਰ ਵਿਚੋਂ ਕੱਢ ਕੇ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਸ਼ੁਰੂਆਤ ਕੀਤੀਜਾਵੇਗੀ ਅਤੇ ਪੰਜਾਬ ਵਿਚ ਨਿਵੇਸ਼ ਵਾਪਸ ਲਿਆ ਕੇ ਨੌਜਵਾਨਾਂ ਵਾਸਤੇ ਨੌਕਰੀਆਂ ਦੀ ਸਿਰਜਣਾ ਕੀਤੀ ਜਾਵੇਗੀ।
ਮੀਟਿੰਗ ਨੇ ਇਹ ਵੀ ਫੈਸਲਾ ਲਿਆ ਕਿ ਸਮੁੱਚਾ ਜਥੇਬੰਦਕ ਢਾਂਚਾ 10 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਬੂਥ ਪੱਧਰੀ ਕਮੇਟੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਯੂਥ ਅਕਾਲੀ ਦਲ, ਇਸਤਰੀ ਅਕਾਲੀ ਦਲ, ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਅਤੇ ਵਪਾਰ ਵਿੰਗ ਸਮੇਤ ਪਾਰਟੀ ਦੇ ਸਮੁੱਚੇ ਵਿੰਗਾਂ ਦਾ ਢਾਂਚਾ ਵੀ ਖੜ੍ਹਾ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਸਾਰੇ ਆਗੂਆਂ ਨੇ ਹਾਲ ਹੀ ਵਿਚ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਅਹਿਮ ਭੂਮਿਕਾ ਅਦਾ ਕੀਤੀ ਉਹਨਾਂ ਨੂੰ ਜਥੇਬੰਦਕ ਢਾਂਚੇ ਵਿਚ ਅਹਿਮ ਭੂਮਿਕਾ ਦਿੱਤੀ ਜਾਵੇਗੀ।
ਡਾ. ਚੀਮਾ ਨੇ ਕਿਹਾ ਕਿ ਮੀਟਿੰਗ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਪੰਚਾਇਤਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਦੇ ਪੈਂਡਿੰਗ ਬਿੱਲ ਭਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਪੰਚਾਇਤਾਂ ਨੂੰ ਹੁਕਮ ਦਿੱਤੇ ਜਾ ਰਹੇ ਹਨ ਕਿ ਉਹ ਕੇਂਦਰ ਸਰਕਾਰ ਤੋਂ ਉਹਨਾਂ ਦੇ ਪਿੰਡਾਂ ਦੇ ਵਿਕਾਸ ਲਈ ਪ੍ਰਾਪਤ ਹੋਏ ਫੰਡਾਂ ਵਿਚੋਂ ਇਹ ਬਿੱਲ ਭਰਨ।
ਉਹਨਾਂ ਕਿਹਾ ਕਿ ਅਸੀਂ ਇਹਨਾਂ ਗੈਰ ਕਾਨੂੰਨੀ ਹੁਕਮਾਂ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਪੰਚਾਇਤਾਂ ਦੀ ਹਮਾਇਤ ਕਰਾਂਗੇ ਕਿਉਂਕਿ ਕੇਂਦਰੀ ਫੰਡ ਸੜਕਾਂ, ਸੈਨੀਟੇਸ਼ਨ, ਪੀਣ ਵਾਲਾ ਪਾਣੀ ਤੇ ਸਟ੍ਰੀਟ ਲਾਈਟਾਂ ਵਾਸਤੇ ਆਏ ਹਨ ਜਿਹਨਾਂ ਦੀ ਵਰਤੋਂ ਪਾਣੀ ਸਪਲਾਈ ਦੇ ਬਿੱਲ ਭਰਨ ਵਾਸਤੇ ਨਹੀਂ ਕੀਤੀ ਜਾ ਸਕਦੀ।
ਮੀਟਿੰਗ ਨੇ ਇਸ ਗੱਲ ਦਾ ਵੀ ਨੋਟਿਯ ਲਿਆ ਕਿ ਆਪ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਸਕੀਮ ਦੇ ਨਾਂ ’ਤੇ ਪੰਜਾਬੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਰਕਾਰ ਵੱਡੇ ਵੱਡੇ ਐਲਾਨਾਂ ਨਾਲ ਪਬਲੀਸਿਟੀ ਦਾ ਸੋਸ਼ਾ ਛੱਡ ਰਹੀ ਹੈ ਜਦੋਂ ਕਿ ਇਸ ਕੋਲ ਮੈਡੀਕਲ ਬੀਮਾ ਸਕੀਮ ਲਾਗੂ ਕਰਨ ਵਾਸਤੇ ਪੈਸੇ ਹੀ ਨਹੀਂ ਹਨ। ਡਾ. ਚੀਮਾ ਨੇ ਕਿਹਾ ਕਿ ਸਕੀਮ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਆਪ ਲਈ ਡਾਟਾ ਇਕੱਤਰ ਕਰਨ ਦੀ ਯੋਜਨਾ ਵਜੋਂ ਵਰਤਿਆ ਜਾ ਰਿਹਾ ਹੈ।
ਮੀਟਿੰਗ ਵਿਚ ਇਸ ਗੱਲ ਦੀ ਵੀ ਨਿਖੇਧੀ ਕੀਤੀ ਗਈ ਕਿ ਪਟਨਾ ਸਾਹਿਬ ਗੁਰਦੁਆਰਾ ਬੋਰਡ ਦੀਆਂ ਆਉਂਦੀਆਂ ਚੋਣਾਂ ਵਾਸਤੇ 8 ਫੀਸਦੀ ਗੈਰ ਸਿੱਖ ਵੋਟਰਾਂ ਦੀ ਰਜਿਸਟਰੇਸ਼ਨ ਕੀਤੀ ਗਈ ਹੈ।ਪਾਰਟੀ ਨੇ ਦਿੱਲੀ ਦੀ ਆਪ ਆਗੂ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਖਿਲਾਫ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ।
ਪ੍ਰੈਸ ਕਾਨਫਰੰਸ ਵਿੱਚ ਅਮਰਜੀਤ ਸਿੰਘ ਚਾਵਲਾ, ਅਰਸ਼ਦੀਪ ਸਿੰਘ ਕਲੇਰ ਅਤੇ ਬਿਕਰਮ ਸਿੰਘ ਅੱਲ੍ਹਾਬਖਸ਼ ਵੀ ਮੌਜੂਦ ਸਨ।

English






