ਪੰਜਾਬ ਦੇ 81 ਫੀਸਦੀ ਨਮੂਨਿਆਂ ਵਿੱਚ ਯੂ.ਕੇ. ਦਾ ਵਾਇਰਸ ਪਾਏ ਜਾਣ ਮਗਰੋਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰੰ ਟੀਕਾਕਰਨ ਦੇ ਦਾਇਰੇ ਵਿੱਚ ਨੌਜਵਾਨ ਵਸੋਂ ਨੂੰ ਵੀ ਸ਼ਾਮਲ ਕਰਨ ਲਈ ਆਖਿਆ

Punjab Chief Minister Capt. Amarinder Singh on Tuesday launches Covid Fateh Kit for Covid patients in hospitals and home isolation.

ਲੋਕਾਂ ਨੂੰ ਟੀਕਾ ਲਗਵਾਉਣ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
ਚੰਡੀਗੜ, 23 ਮਾਰਚ:
ਸੂਬੇ ਵੱਲੋਂ ਕਰੋਨਾ ਵਾਇਰਸ ਦੇ ਸਰੂਪ ਦੇ ਪੱਧਰ ਪਤਾ ਕਰਨ ਲਈ ਭੇਜੇ ਗਏ 401 ਨਮੂਨਿਆਂ ਵਿੱਚੋਂ 81 ਫੀਸਦੀ ਵਿੱਚ ਯੂ.ਕੇ. ਦੇ ਕੋਵਿਡ ਦੀ ਕਿਸਮ ਪਾਏ ਜਾਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੀਕਾਕਰਨ ਦਾ ਦਾਇਰਾ ਵਧਾ ਕੇ ਇਸ ਵਿੱਚ 60 ਵਰੇ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਾਮਿਲ ਕਰਨ ਲਈ ਅਖਿਆ ਕਿਉਂਜੋ ਇਹ ਵਾਇਰਸ ਨੌਜਵਾਨ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਪਾਇਆ ਗਿਆ ਹੈ।
ਤਾਜ਼ਾ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਗੱਲ ਦੀ ਲੋੜ ’ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਆਬਾਦੀ ਦੇ ਵੱਡੇ ਤਬਕੇ ਨੂੰ ਵੀ ਟੀਕਾਕਰਨ ਮੁਹਿੰਮ ਵਿੱਚ ਛੇਤੀ ਤੋਂ ਛੇਤੀ ਸ਼ਾਮਿਲ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ। ਉਨਾਂ ਧਿਆਨ ਦਿਵਾਇਆ ਕਿ ਮਾਹਿਰਾਂ ਵੱਲੋਂ ਮੌਜੂਦਾ ਕੋਵੀਸ਼ੀਲਡ ਦਵਾਈ ਨੂੰ ਯੂ.ਕੇ. ਦੇ ਵਾਇਰਸ ਬੀ.1.1.7 ਲਈ ਵੀ ਬੇਹੱਦ ਕਾਰਗਰ ਪਾਇਆ ਗਿਆ ਹੈ। ਇਸ ਲਈ ਇਸ ਵਾਇਰਸ ਦੇ ਫੈਲਾਅ ਦੀ ਲੜੀ ਤੋੜਨ ਲਈ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਜ਼ਰੂਰੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਵੀ ਕੋਵਿਡ ਤੋਂ ਸੁਰੱਖਿਆ ਸਬੰਧੀ ਸਾਰੇ ਨਿਯਮਾਂ ਜਿਵੇਂ ਕਿ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਆਦਿ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਨਾਂ ਚਿਤਾਵਨੀ ਦਿੱਤੀ ਕਿ ਸੂਬਾ ਸਰਕਾਰ, ਜਿਸ ਨੇ ਤਾਜ਼ਾ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਹੋਰ ਪਾਬੰਦੀਆਂ ਲਾਉਣ ਲਈ ਮਜਬੂਰ ਹੋਵੇਗੀ ਜੇਕਰ ਲੋਕਾਂ ਨੇ ਕੋਵਿਡ ਤੋਂ ਬਚਾਅ ਸਬੰਧੀ ਨਿਯਮਾਂ ਦਾ ਪਾਲਣ ਨਾ ਕੀਤਾ।
ਮੁੱਖ ਮੰਤਰੀ ਵੱਲੋਂ ਇਹ ਅਪੀਲ ਸੂਬੇ ਦੀ ਕੋਵਿਡ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ. ਕੇ.ਕੇ. ਤਲਵਾੜ ਵੱਲੋਂ ਉਨਾਂ ਨੂੰ ਇਸ ਵਾਇਰਸ ਦੇ ਨਵੇਂ ਸਰੂਪ ਸਬੰਧੀ ਜਾਣਕਾਰੀ ਦਿੱਤੇ ਜਾਣ ਮਗਰੋਂ ਕੀਤੀ ਗਈ ਹੈ। ਸੂਬੇ ਵਿੱਚ ਬੀਤੇ ਕੁਝ ਹਫ਼ਤਿਆਂ ਦੌਰਾਨ ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਿੱਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਸੂਬੇ ਦੇ ਸਿਹਤ ਵਿਭਾਗ ਵੱਲੋਂ ਇਸ ਵਾਇਰਸ ਦੇ ਸਰੂਪ ਦੇ ਪੱਧਰ ਦਾ ਪਤਾ ਕਰਨ ਲਈ 478 ਕੋਵਿਡ-19 ਪਾਜ਼ੇਟਿਵ ਨਮੂਨੇ ਐਨ.ਆਈ.ਬੀ., ਆਈ.ਜੀ.ਆਈ.ਬੀ. ਅਤੇ ਐਨ.ਸੀ.ਡੀ.ਸੀ. ਨੂੰ ਭੇਜੇ ਗਏ ਸਨ। ਇਨਾਂ ਵਿੱਚੋਂ 90 ਨਮੂਨਿਆਂ ਦੇ ਨਤੀਜੇ ਆ ਗਏ ਹਨ ਜਿਨਾਂ ਵਿੱਚੋਂ ਸਿਰਫ਼ ਦੋ ਨਮੂਨਿਆਂ ਵਿੱਚ ਹੀ ਐਨ440ਕੇ ਕਿਸਮ ਪਾਈ ਗਈ ਹੈ।
ਇਸ ਮਗਰੋਂ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਇਕ ਟੀਮ ਨੇ ਪਾਜ਼ੇਟਿਵ ਦਰ ਵਿੱਚ ਵਾਧੇ ਦੀ ਸਮੀਖਿਆ ਕਰਨ ਲਈ ਸੂਬੇ ਦਾ ਦੌਰਾ ਕੀਤਾ। ਟੀਮ ਨੂੰ ਇਸ ਵਾਇਰਸ ਦੇ ਸਰੂਪ ਦੇ ਪੱਧਰ ਦਾ ਪਤਾ ਕਰਨ ਦੇ ਬਾਕੀ ਰਹਿੰਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮਗਰੋਂ 401 ਨਮੂਨੇ, ਜੋ ਕਿ 1 ਜਨਵਰੀ, 2021 ਤੋਂ ਲੈ ਕੇ 10 ਮਾਰਚ, 2021 ਤੱਕ ਲਏ ਗਏ ਸਨ, ਐਨ.ਸੀ.ਡੀ.ਸੀ. ਨੂੰ ਭੇਜੇ ਗਏ ਤਾਂ ਜੋ ਇਸ ਵਾਇਰਸ ਦੇ ਸਰੂਪ ਦਾ ਪੱਧਰ ਪਤਾ ਕੀਤਾ ਜਾ ਸਕੇ। ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਇਨਾਂ ਨਮੂਨਿਆਂ ਦੇ ਨਤੀਜੇ ਚਿੰਤਾਜਨਕ ਸਨ ਕਿਉਂਕਿ 326 ਕੋਵਿਡ ਨਮੂਨਿਆਂ ਵਿੱਚ ਬੀ.1.1.7 ਕਿਸਮ ਦੀ ਮੌਜੂਦਗੀ ਪਾਈ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਡਾ. ਤਲਵਾੜ ਨੇ ਜਾਣਕਾਰੀ ਦਿੱਤੀ ਹੈ ਕਿ ਯੂ.ਕੇ. ਦੀ ਇਹ ਕਿਸਮ ਬੀ.1.1.7 ਜ਼ਿਆਦਾ ਸੰਕਰਮਿਤ ਹੈ ਪਰ ਜ਼ਿਆਦਾ ਜ਼ਹਿਰੀਲੀ ਨਹੀਂ ਹੈ। ਆਕਸਫੋਰਡ (ਕੋਵੀਸ਼ੀਲਡ) ਦੀ ਦਵਾਈ ਯੂ.ਕੇ. ਦੀ ਇਸ ਨਵੀਂ ਕਿਸਮ ਲਈ ਪੂਰੀ ਤਰਾਂ ਕਾਰਗਰ ਹੈ।
ਧਿਆਨਦੇਣ ਯੋਗ ਹੈ ਕਿ ਬੀ.1.1.7 ਕਿਸਮ ਹੁਣ ਦੁਨੀਆ ਦੇ ਕਈ ਹਿੱਸਿਆਂ ਵਿੱਚ ਫੈਲ ਗਈ ਹੈ ਅਤੇ ਯੂ.ਕੇ. ਵਿੱਚ ਇਸ ਦੇ 98 ਫੀਸਦੀ ਤੇ ਸਪੇਨ ਵਿੱਚ 90 ਫੀਸਦੀ ਨਵੇਂ ਮਾਮਲੇ ਹਨ। ਯੂ.ਕੇ. ਦੀ ਸਰਕਾਰ ਨੇ ਕਿਹਾ ਹੈ ਕਿ ਮੂਲ ਵਾਇਰਸ ਤੋਂ ਇਹ ਨਵੀਂ ਕਿਸਮ 70 ਫੀਸਦੀ ਤੱਕ ਵੱਧ ਫੈਲਣਯੋਗ ਹੈ।