ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਪੰਜਾਬ ਲਈ ਹਾੜ੍ਹੀ ਮੰਡੀਕਰਨ ਸੀਜ਼ਨ-2021 ਵਾਸਤੇ 21658.73 ਕਰੋੜ ਰੁਪਏ ਸੀ.ਸੀ.ਐਲ. ਦੀ ਹਰੀ ਝੰਡੀ

SBS Nagar Mandi kharif 2020 session
ਚੰਡੀਗੜ੍ਹ, 5 ਅਪਰੈਲ
ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਵੱਲੋਂ ਸੋਮਵਾਰ ਨੂੰ ਪੰਜਾਬ ਵਿੱਚ ਆਗਾਮੀ ਹਾੜ੍ਹੀ ਮੰਡੀਕਰਨ ਸੀਜ਼ਨ ਵਾਸਤੇ ਮੌਜੂਦਾ ਅਪਰੈਲ ਦੇ ਅੰਤ ਤੱਕ ਲਈ 21658.73 ਕਰੋੜ ਰੁਪਏ ਦੀ ਕੈਸ਼ ਕਰੈਡਿਟ ਹੱਦ (ਸੀ.ਸੀ.ਐਲ.) ਦੀ ਹਰੀ ਝੰਡੀ ਦੇ ਦਿੱਤੀ।
ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਇਸ ਸੀਜ਼ਨ ਲਈ 105.60 ਲੱਖ ਟਨ ਕਣਕ ਦੀ ਖਰੀਦ ਸਬੰਧੀ ਮੰਗੀ ਗਈ ਸੀ.ਸੀ.ਐਲ. ਦਾ ਵੱਡਾ ਹਿੱਸਾ ਕੇਂਦਰੀ ਬੈਂਕ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਰੀ ਕੀਤੀ ਸੀ.ਸੀ.ਐਲ. ਸੂਬਾ ਸਰਕਾਰ ਨੂੰ ਮੌਜੂਦਾ ਸੀਜ਼ਨ ਜਿਹੜਾ 10 ਅਪਰੈਲ ਨੂੰ ਸ਼ੁਰੂ ਹੋ ਕੇ 31 ਮਈ ਨੂੰ ਖਤਮ ਹੋਵੇਗਾ, ਦੌਰਾਨ ਕਿਸਾਨਾਂ ਨੂੰ ਅਨਾਜ ਦੀ ਖਰੀਦ ਬਦਲੇ ਸਮੇਂ ਸਿਰ ਅਦਾਇਗੀਆਂ ਕਰਨ ਵਿੱਚ ਸਹਾਈ ਹੋਵੇਗੀ।
ਕੇਂਦਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 1975 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ ਜਿਹੜਾ ਕਿ ਪਿਛਲੇ ਸਾਲ (1925 ਪ੍ਰਤੀ ਕੁਇੰਟਲ) ਨਾਲੋਂ 50 ਰੁਪਏ ਵੱਧ ਹੈ।
ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਅਨਾਜ ਦੀ ਖਰੀਦ ਲਈ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।